ਤਾਲਿਬਾਨ ਨੇ 30 ਅਫ਼ਗ਼ਾਨ ਫ਼ੌਜੀਆਂ ਦੀ ਕੀਤੀ ਹਤਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਫ਼ਗ਼ਾਨਿਸਤਾਨ 'ਚ ਇਕ ਵਾਰ ਫਿਰ ਤਾਲਿਬਾਨੀ ਅਤਿਵਾਦੀਆਂ ਦੀ ਸਰਗਰਮੀ ਵੱਧ ਗਈ ਹੈ। ਬੁਧਵਾਰ ਨੂੰ ਅਤਿਵਾਦੀਆਂ ਨੇ ਦੋ ਚੈਕ ਪੁਆਇੰਟਾਂ 'ਤੇ .....

Taliban Terrorist

ਹੇਰਾਤ, : ਅਫ਼ਗ਼ਾਨਿਸਤਾਨ 'ਚ ਇਕ ਵਾਰ ਫਿਰ ਤਾਲਿਬਾਨੀ ਅਤਿਵਾਦੀਆਂ ਦੀ ਸਰਗਰਮੀ ਵੱਧ ਗਈ ਹੈ। ਬੁਧਵਾਰ ਨੂੰ ਅਤਿਵਾਦੀਆਂ ਨੇ ਦੋ ਚੈਕ ਪੁਆਇੰਟਾਂ 'ਤੇ ਹਮਲਾ ਕਰਦਿਆਂ 30 ਅਫ਼ਗ਼ਾਨੀ ਫ਼ੌਜੀਆਂ ਨੂੰ ਮਾਰ ਮੁਕਾਇਆ। ਇੰਨਾ ਹੀ ਨਹੀਂ ਹਮਲੇ ਤੋਂ ਬਾਅਦ ਤਾਲਿਬਾਨੀਆਂ ਨੇ ਬਾਦਗਿਸ 'ਚ ਇਕ ਫ਼ੌਜੀ ਕੈਂਪ 'ਤੇ ਵੀ ਕਬਜ਼ਾ ਕਰ ਲਿਆ। ਬਾਦਗਿਸ ਦੀ ਸੂਬਾ ਪ੍ਰੀਸ਼ਦ ਦੇ ਮੁਖੀ ਅਬਦੁਲ ਅਜ਼ੀਜ਼ ਬੇਗ ਨੇ ਕਿਹਾ ਕਿ ਤਾਲਿਬਾਨੀ ਲੜਾਕਿਆਂ ਨੇ ਪਹਿਲਾਂ ਚੈਕ ਪੁਆਇੰਟਾਂ 'ਤੇ ਹਮਲੇ ਕੀਤੇ ਅਤੇ ਉਸ ਤੋਂ ਬਾਅਦ ਬਾਲਾ ਮੁਗਾਰਬ ਜ਼ਿਲ੍ਹੇ 'ਚ ਬਚਾਅ ਲਈ ਆ ਰਹੇ ਸੁਰੱਖਿਆ ਫ਼ੌਜਾਂ ਨੂੰ ਅਪਣਾ ਨਿਸ਼ਾਨਾ ਬਣਾਇਆ।

ਜ਼ਿਕਰਯੋਗ ਹੈ ਕਿ ਈਦ ਦੇ ਮੌਕੇ 'ਤੇ ਤਾਲਿਬਾਨ ਵਲੋਂ ਤਿੰਨ ਦਿਨਾਂ ਦੀ ਜੰਗਬੰਦੀ ਐਲਾਨੀ ਗਈ ਸੀ। ਬੁਧਵਾਰ ਨੂੰ ਜਿਵੇਂ ਹੀ ਜੰਗਬੰਦੀ ਖ਼ਤਮ ਹੋਈ, ਤਾਲਿਬਾਨੀ ਲੜਾਕਿਆਂ ਨੇ ਹਮਲੇ ਤੇਜ਼ ਕਰ ਦਿਤੇ। ਮੰਗਲਵਾਰ ਨੂੰ ਵੀ ਅਫ਼ਗ਼ਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ 'ਚ ਤਾਲਿਬਾਨੀ ਲੜਾਕਿਆਂ ਵਲੋਂ ਫ਼ੌਜ ਅਤੇ ਸਥਾਨਕ ਪੁਲਿਸ ਦੀ ਚੌਕੀਆਂ 'ਤੇ ਹਮਲੇ ਕੀਤੇ, ਜਿਸ 'ਚ ਘੱਟੋ-ਘੱਟ ਚਾਰ ਫ਼ੌਜੀਆਂ ਦੀ ਮੌਤ ਹੋ ਗਈ ਸੀ। ਇਸ ਹਮਲੇ 'ਚ 7 ਕੱਟੜਪੰਥੀ ਵੀ ਮਾਰੇ ਗਏ ਸਨ।

ਸੂਬਾ ਕੌਂਸਲ ਚੀਫ਼ ਅਬਦੁਲ ਅਜ਼ੀਜ਼ ਬੇਗ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਕੁੱਝ ਖ਼ਬਰ ਏਜੰਸੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਵਟਸਐਪ 'ਤੇ ਮੈਸਜ ਕਰ ਕੇ ਲਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਜੰਗਬੰਦੀ ਦੌਰਾਨ ਆਪਣੇ ਜਾਸੂਸ ਭੇਜ ਕੇ ਸੁਰੱਖਿਆ ਫ਼ੌਜੀਆਂ ਦੇ ਟਿਕਾਣਿਆਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਅਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੋਵੇਗੀ। (ਪੀਟੀਆਈ)