ਤਾਲਿਬਾਨ ਦਾ ਹਿੰਸਕ ਚਿਹਰਾ ਫਿਰ ਸਾਹਮਣੇ ਆਇਆ ਜੰਗਬੰਦੀ ਦੇ ਐਲਾਨ ਮਗਰੋਂ 20 ਅਫ਼ਗ਼ਾਨ ਫ਼ੌਜੀਆਂ ਦੀ ਹਤਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਫ਼ਗ਼ਾਨਿਸਤਾਨ 'ਚ ਅਤਿਵਾਦੀ ਸੰਗਠਨ ਤਾਲਿਬਾਨ ਨੇ ਈਦ ਦੇ ਮੱਦੇਨਜ਼ਰ ਸਰਕਾਰ ਦੇ ਜੰਗਬੰਦੀ ਦੇ ਪ੍ਰਸਤਾਵ ਨੂੰ ਮੰਨਣ ਦੇ ਕੁੱਝ ਘੰਟੇ ਬਾਅਦ ਹੀ......

Army In Afghanistan

ਕਾਬੁਲ,  : ਅਫ਼ਗ਼ਾਨਿਸਤਾਨ 'ਚ ਅਤਿਵਾਦੀ ਸੰਗਠਨ ਤਾਲਿਬਾਨ ਨੇ ਈਦ ਦੇ ਮੱਦੇਨਜ਼ਰ ਸਰਕਾਰ ਦੇ ਜੰਗਬੰਦੀ ਦੇ ਪ੍ਰਸਤਾਵ ਨੂੰ ਮੰਨਣ ਦੇ ਕੁੱਝ ਘੰਟੇ ਬਾਅਦ ਹੀ 20 ਫ਼ੌਜੀਆਂ ਦੀ ਹਤਿਆ ਕਰ ਦਿਤੀ।

ਏਜੰਸੀ ਮੁਤਾਬਕ ਜੰਗਬੰਦੀ ਲਾਗੂ ਹੋਣ ਮਗਰੋਂ ਤਾਲਿਬਾਨੀ ਬਾਗ਼ੀਆਂ ਨੇ ਕਲਾ-ਏ-ਜਲ ਜ਼ਿਲ੍ਹੇ 'ਚ ਕੁੱਝ ਸੁਰੱਖਿਆ ਚੌਕੀਆਂ 'ਤੇ ਹਮਲੇ ਕੀਤੇ, ਜਿਸ 'ਚ 20 ਫ਼ੌਜੀ ਮਾਰੇ ਗਏ ਅਤੇ 6 ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਰਾਸ਼ਟਰਪਤੀ ਅਬਦੁਲ ਗਨੀ ਨੇ 7 ਦਿਨ ਤਕ ਜੰਗਬੰਦੀ ਦੀ ਗੱਲ ਕਹੀ ਸੀ, ਪਰ ਅਤਿਵਾਦੀ ਸੰਗਠਨ ਸਿਰਫ਼ ਤਿੰਨ ਦਿਨ ਲਈ ਸਹਿਮਤ ਹੋਇਆ ਸੀ। ਜ਼ਿਕਰਯੋਗ ਹੈ ਕਿ ਸਾਲ 2001 'ਚ ਅਮਰੀਕਾ ਨਾਲ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਕਿ ਤਾਲਿਬਾਨ ਨੇ ਅਫ਼ਗ਼ਾਨ ਸਰਕਾਰ ਨਾਲ ਸਮਝੌਤਾ ਕੀਤਾ ਹੋਵੇ।

ਤਾਲਿਬਾਨ ਨੇ ਇਸ ਨਾਲ ਸਬੰਧਤ ਇਕ ਸੰਦੇਸ਼ ਅਫ਼ਗ਼ਾਨਿਸਤਾਨ ਦੇ ਸਾਰੇ ਪੱਤਰਕਾਰਾਂ ਨੂੰ ਭੇਜਿਆ। ਇਸ 'ਚ ਸੰਗਠਨ ਨੇ ਲਿਖਿਆ, ''ਸਾਰੇ ਮੁਜ਼ਾਹਿਦੀਨਾਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਈਦ ਦੇ ਪਹਿਲੇ ਤਿੰਨ ਦਿਨ ਅਫ਼ਗ਼ਾਨ ਸੁਰੱਖਿਆ ਫ਼ੌਜ 'ਤੇ ਹਮਲਾ ਨਾ ਕਰਨ।'' ਹਾਲਾਂਕਿ ਸੰਦੇਸ਼ 'ਚ ਤਾਲਿਬਾਨ ਨੇ ਚਿਤਾਵਨੀ ਵਜੋਂ ਲਿਖਿਆ ਹੈ ਕਿ ਜੇ ਮੁਜ਼ਾਹਿਦੀਨਾਂ 'ਤੇ ਕਿਸੇ ਤਰ੍ਹਾਂ ਦਾ ਹਮਲਾ ਹੁੰਦਾ ਹੈ ਤਾਂ ਅਸੀ ਵੀ ਅਪਣੀ ਰਖਿਆ ਕਰਾਂਗੇ। ਉਥੇ ਹੀ ਵਿਦੇਸ਼ੀ ਫ਼ੌਜੀਆਂ ਨੂੰ ਅਤਿਵਾਦੀ ਸੰਗਠਨ ਨੇ ਇਸ ਜੰਗਬੰਦੀ ਤੋਂ ਬਾਹਰ ਰਖਿਆ ਹੈ।

ਮਤਲਬ ਅਤਿਵਾਦੀ ਅਫ਼ਗ਼ਾਨ ਫ਼ੌਜੀਆਂ ਤੋਂ ਇਲਾਵਾ ਬਾਕੀ ਕਿਸੇ ਵੀ ਦੇਸ਼ ਦੇ ਫ਼ੌਜੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਉਲੇਮਾ ਆਗੂਆਂ ਨੇ ਆਤਮਘਾਤੀ ਹਮਲਿਆਂ ਨੂੰ ਇਸਲਾਮ ਵਿਰੋਧੀ ਦਸਦਿਆਂ ਫ਼ਤਵਾ ਜਾਰੀ ਕੀਤਾ ਸੀ। ਅਤਿਵਾਦੀਆਂ ਨੇ ਇਸ ਦੇ ਇਕ ਘੰਟੇ ਬਾਅਦ ਹੀ ਰਾਜਧਾਨੀ ਕਾਬੁਲ 'ਚ ਆਤਮਘਾਤੀ ਹਮਲਾ ਕੀਤਾ ਸੀ, ਜਿਸ 'ਚ 7 ਉਲੇਮਾ ਮਾਰੇ ਗਏ ਸਨ। ਦਸਿਆ ਜਾ ਰਿਹਾ ਹੈ ਕਿ ਅਤਿਵਾਦੀ ਅਪਣੇ ਵਿਰੁਧ ਜਾਰੀ ਫ਼ਤਵੇ ਤੋਂ  ਨਾਰਾਜ਼ ਸਨ। (ਪੀਟੀਆਈ)