ਪਾਕਿਸਤਾਨ ਟ੍ਰੇਨ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ, ਕਈ ਜ਼ਖਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸਿੰਧ ਸੂਬੇ ਵਿਚ ਵੀਰਵਾਰ ਨੂੰ ਇਕ ਯਾਤਰੀ ਟਰੇਨ ਖੜ੍ਹੀ ਮਾਲਗੱਡੀ ਨਾਲ ਟਕਰਾ ਗਈ।

Three dies in train accident in Pakistan

ਇਸਲਾਮਾਬਾਦ :  ਪਾਕਿਸਤਾਨ ਦੇ ਸਿੰਧ ਸੂਬੇ ਵਿਚ ਵੀਰਵਾਰ ਨੂੰ ਇਕ ਯਾਤਰੀ ਟਰੇਨ ਖੜ੍ਹੀ ਮਾਲਗੱਡੀ ਨਾਲ ਟਕਰਾ ਗਈ। ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿਚ ਜਿੰਨ੍ਹਾ ਐਕਸਪ੍ਰੈੱਸ ਦੇ ਚਾਲਕ ਅਤੇ ਉਸ ਦੇ ਦੋ ਸਾਥੀਆਂ ਦੀ ਮੌਤ ਹੋ ਗਈ ਜਦਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਮਲਬੇ ਦੇ ਕਾਰਨ ਰੇਲ ਆਵਾਜਾਈ ਕੁਝ ਘੰਟਿਆਂ ਲਈ ਰੁਕੀ ਰਹੀ ਜਿਸ ਕਾਰਨ ਹੈਦਰਾਬਾਦ ਅਤੇ ਕੋਟਰੀ ਰੇਲਵੇ ਸਟੇਸ਼ਨ 'ਤੇ ਯਾਤਰੀ ਕਾਫ਼ੀ ਦੇਰ ਤੱਕ ਫਸੇ ਰਹੇ। ਇਕ ਸੀਨੀਅਰ ਅਧਿਕਾਰੀ ਮੁਤਾਬਕ ਪਾਕਿਸਤਾਨ ਦੇ ਬੰਦਰਗਾਹ ਸ਼ਹਿਰ ਕਰਾਚੀ ਤੋਂ ਆ ਰਹੀ ਟਰੇਨ ਲਾਹੌਰ ਜਾ ਰਹੀ ਸੀ। ਜੋ ਪਿੱਛੇ ਖੜ੍ਹੀ ਮਾਲਗੱਡੀ ਨਾਲ ਟਕਰਾ ਗਈ। ਅਧਿਕਾਰੀ ਨੇ ਦੱਸਿਆ ਕਿ ਟੱਕਰ ਦੇ ਕਾਰਨ ਕੋਲਾ ਲੈ ਕੇ ਯੂਸੁਫਵਾਲਾ ਜਾ ਰਹੀ ਮਾਲਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ।

ਟਰੇਨ ਆਵਾਜਾਈ ਬਹਾਲ ਕਰਨ ਲਈ ਮਲਬਾ ਸਾਫ਼ ਕਰਨ ਲਈ ਕਰਮਚਾਰੀਆਂ ਅਤੇ ਮਸ਼ੀਨਾਂ ਨੂੰ ਕੰਮ 'ਤੇ ਲਗਾਇਆ ਗਿਆ ਅਤੇ ਕਈ ਬਚਾਅ ਦਲ ਰਾਹਤ ਕੰਮਾਂ ਵਿਚ ਲੱਗੇ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਮਾਲਗੱਡੀ ਨੂੰ ਨੁਕਸਾਨੇ ਗਏ ਡੱਬਿਆਂ ਤੋਂ ਵੱਖ ਕਰ ਕੇ ਇਕ ਰੇਲਵੇ ਸਟੇਸ਼ਨ 'ਤੇ ਲਿਜਾਇਆ ਗਿਆ। ਕੇਂਦਰੀ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਮਾਮਲੇ ਦੀ ਜਾਂਚ 24 ਘੰਟੇ ਦੇ ਅੰਦਰ ਪੂਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਮੰਤਰੀ ਨੇ ਹਾਦਸੇ ਕਾਰਨ ਲੋਕਾਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ।