ਗੁਆਢੀਆਂ ਸਹਾਰੇ ਭਾਰਤ ਨੂੰ ਘੇਰਨ ਲਈ ਚੀਨ ਸਰਗਰਮ, ਹੁਣ ਬੰਗਲਾਦੇਸ਼ 'ਤੇ ਪਾਏ ਡੋਰੇ!

ਏਜੰਸੀ

ਖ਼ਬਰਾਂ, ਕੌਮਾਂਤਰੀ

ਗੁਆਢੀਆਂ ਮੁਲਕਾਂ ਨੂੰ ਭਾਰਤ ਖਿਲਾਫ਼ ਵਰਤਣ ਦੀ ਕੋਸ਼ਿਸ਼ ਕਰ ਰਿਹੈ ਚੀਨ

China, india

ਢਾਕਾ : ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਹੋਈ ਖ਼ੂਨੀ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਤਣਾਅ ਅਪਣੀ ਚਰਮ-ਸੀਮਾ 'ਤੇ ਪਹੁੰਚ ਚੁੱਕਾ ਹੈ। ਭਾਰਤ ਵਲੋਂ ਜਿਸ ਤਰ੍ਹਾਂ ਚੀਨ ਨੂੰ ਸਖ਼ਤ ਚੁਨੌਤੀ ਦਿਤੀ ਜਾ ਰਹੇ ਹੈ, ਉਸ ਨੂੰ ਲੈ ਕੇ ਚੀਨ ਬੁਖਲਾਹਟ ਵਿਚ ਹੈ। ਭਾਰਤ ਨਾਲ ਸਿੱਧੀ ਜੰਗ ਲੜਣ ਤੋਂ ਚੀਨ ਹਮੇਸ਼ਾ ਕਤਰਾਉਂਦਾ ਰਿਹਾ ਹੈ। ਹੁਣ ਜਦੋਂ ਭਾਰਤ ਨੇ ਸਰਹੱਦਾਂ 'ਤੇ ਚੌਕਸੀ ਵਧਾ ਦਿਤੀ ਹੈ,  ਤਾਂ ਇਸ ਦੌਰਾਨ ਚੀਨ ਨੇ ਵੀ ਭਾਰਤ ਨੂੰ ਘੇਰਨ ਲਈ ਗੁਆਢੀ ਦੇਸ਼ਾਂ ਨੂੰ ਭਾਰਤ ਖਿਲਾਫ਼ ਲਾਮਬੰਦ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਪਾਕਿਸਤਾਨ ਨਾਲ ਤਾਂ ਭਾਰਤ ਦੇ ਪਹਿਲਾਂ ਹੀ ਰਿਸ਼ਤੇ ਤਣਾਅਪੂਰਨ ਚੱਲ ਰਹੇ ਸਨ। ਇਸੇ ਦਰਮਿਆਨ ਨੇਪਾਲ ਦੇ ਤੇਵਰਾਂ 'ਚ ਅਚਾਨਕ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਜਿਸ ਪਿੱਛੇ ਚੀਨ ਦੀ ਕੂਟਨੀਤਕ ਚਾਲ ਨੂੰ ਮੰਨਿਆ ਜਾ ਰਿਹਾ ਹੈ। ਨੇਪਾਲ ਨਾਲ ਭਾਰਤ ਤੇ ਰਿਸ਼ਤੇ ਹਮੇਸ਼ਾ ਵਧੀਆ ਹਨ। ਪਰ ਹੁਣ ਨਕਸ਼ੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਪੈਦਾ ਹੋ ਗਿਆ ਹੈ। ਚੀਨ ਸ੍ਰੀਲੰਕਾ ਨੂੰ ਵੀ ਭਾਰਤ ਖਿਲਾਫ਼ ਉਕਸਾਉਣ ਦੀਆਂ ਚਾਲਾਂ ਚੱਲ ਰਿਹਾ ਹੈ।

ਇਸ ਦਰਮਿਆਨ ਹੁਣ ਚੀਨ ਨੇ ਬੰਗਲਾਦੇਸ਼ ਨੂੰ ਵੀ ਤੋਹਫ਼ਾ ਦੇ ਕੇ ਅਪਣੇ ਪਾਲੇ 'ਚ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।  ਇਸ ਤਹਿਤ ਚੀਨ ਨੇ ਬੰਗਲਾਦੇਸ਼ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ 'ਤੇ  97 ਪ੍ਰਤੀਸ਼ਤ ਦੀ ਪੂਰੀ ਤਰ੍ਹਾਂ ਛੋਟ ਦੇਣ ਦਾ ਐਲਾਨ ਕੀਤਾ ਹੈ। ਨਵੀਂਆਂ ਦਰਾਂ ਪਹਿਲੀ ਜੁਲਾਈ ਤੋਂ ਲਾਗੂ ਹੋਣਗੀਆਂ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲਗਭਗ ਇਕ ਮਹੀਨਾ ਪਹਿਲਾਂ ਮੁਲਾਕਾਤ ਕੀਤੀ ਸੀ।

ਉਸ ਸਮੇਂ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ 'ਚ ਸੁਧਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਹੁਣ ਜਦੋਂ ਭਾਰਤ-ਚੀਨ ਵਿਚਾਲੇ ਤਣਾਅ ਅਪਣੀ ਚਰਮ-ਸੀਮਾ 'ਤੇ ਹੈ, ਇਸ ਦਰਮਿਆਨ ਚੀਨ ਵਲੋਂ ਬੰਗਲਾਦੇਸ਼ ਨੂੰ ਇਸ ਤਰ੍ਹਾਂ ਦੀ ਛੋਟ ਦੇਣ ਦੇ ਫ਼ੈਸਲੇ ਨੂੰ ਚੀਨ ਦੁਆਰਾ ਬੰਗਲਾਦੇਸ਼ ਨੂੰ ਆਪਣੇ ਹੱਕ 'ਚ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਇਸ ਸਬੰਧੀ ਬੰਗਲਾਦੇਸ਼ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਮੁਤਾਬਕ ਚੀਨ ਵਲੋਂ ਕੀਤੇ ਗਏ ਇਸ ਫ਼ੈਸਲੇ ਨਾਲ ਕੁੱਲ 8,256 ਬੰਗਲਾਦੇਸ਼ੀ ਉਤਪਾਦਾਂ ਨੂੰ ਛੋਟ ਮਿਲ ਜਾਵੇਗੀ।  ਵਰਤਮਾਨ ਵਿਚ ਚੀਨੀ ਬਜ਼ਾਰ ਵਿਚ ਬੰਗਲਾਦੇਸ਼ ਦੇ ਸਿਰਫ 3,095 ਉਤਪਾਦਾਂ ਨੂੰ ਛੋਟ ਹੈ।

ਇਹ ਡਿਊਟੀ ਛੋਟ ਏਸ਼ੀਆ ਪੈਸੀਫਿਕ ਵਪਾਰ ਸਮਝੌਤੇ ਦੇ ਤਹਿਤ ਉਪਲਬਧ ਹੈ। ਇਸ ਤੋਂ ਪਹਿਲਾਂ ਇੰਡੋਨੇਸ਼ੀਆ ਵਿਚ ਆਯੋਜਿਤ ਏਸ਼ੀਆ-ਅਫਰੀਕਾ ਸੰਮੇਲਨ ਦੌਰਾਨ ਸ਼ੀ ਚਿਨਫਿੰਗ ਨੇ ਕਿਹਾ ਸੀ ਕਿ ਉਹ ਘੱਟ ਵਿਕਸਤ ਦੇਸ਼ਾਂ ਨੂੰ ਡਿਊਟੀ ਮੁਕਤ ਬਾਜ਼ਾਰ ਮੁਹੱਈਆ ਕਰਵਾਏਗਾ। ਭਾਵੇਂ ਇਸ ਸਮੇਂ ਦੌਰਾਨ ਚੀਨ ਦੇ ਰਾਸ਼ਟਰਪਤੀ ਨੇ ਕੂਟਨੀਤਕ ਸਬੰਧਾਂ ਦੀ ਸ਼ਰਤ ਰੱਖੀ ਹੈ ਪਰ ਚੀਨ ਦੀਆਂ ਹਾਲੀਆ ਗਤੀਵਿਧੀਆਂ ਨੂੰ ਭਾਰਤ ਦੇ ਗੁਆਂਢੀ ਦੇਸ਼ਾਂ ਜਿਵੇਂ ਬੰਗਲਾਦੇਸ਼, ਨੇਪਾਲ, ਭੂਟਾਨ ਤੇ ਸ੍ਰੀਲੰਕਾ ਨੂੰ ਅਪਣੇ ਪਾਲੇ ਵਿਚ ਲਿਆਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।