ਸ੍ਰੀਲੰਕਾ ਸਰਕਾਰ ਦਾ ਦਾਅਵਾ : ਪੰਜ ਹਜ਼ਾਰ ਸਾਲ ਪਹਿਲਾਂ ਰਾਵਣ ਨੇ ਕੀਤੀ ਸੀ ਜਹਾਜ਼ ਦੀ ਵਰਤੋਂ!

ਏਜੰਸੀ

ਖ਼ਬਰਾਂ, ਕੌਮਾਂਤਰੀ

ਲੋਕਾਂ ਨੂੰ ਰਾਵਣ ਨਾਲ ਸਬੰਧਤ ਦਸਤਾਵੇਜ਼ ਸਾਂਝਾ ਕਰਨ ਲਈ ਕਿਹਾ

Ravana Aircraft

ਕੋਲੰਬੋ : ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਮਨੁੱਖੀ ਦਿਮਾਗ਼ 'ਚ ਹਵਾਈ ਜਹਾਜ਼ ਉਡਾਉਣ ਦਾ ਖਿਆਲ ਪੰਛੀਆਂ ਨੂੰ ਉਡਦੇ ਵੇਖ ਕੇ ਆਇਆ ਹੋਵੇਗਾ। ਇਤਿਹਾਸ 'ਚ ਹਵਾਈ ਜਹਾਜ਼ ਦੀ ਉਤਪਤੀ ਕਦੋਂ, ਕਿੱਥੇ ਅਤੇ ਕਿਵੇਂ ਹੋਈ, ਬਾਰੇ ਪੂਰੇ ਵੇਰਵੇ ਦਰਜ ਹਨ। ਇਸ ਦੇ ਬਾਵਜੂਦ ਇਸ ਨਾਲ ਕੁੱਝ ਮਿਥਿਹਾਸਕ ਘਟਨਾਵਾਂ ਵੀ ਜੁੜਦੀਆਂ ਰਹੀਆਂ ਹਨ। ਇਨ੍ਹਾਂ 'ਚ ਲੰਕਾ ਦੇ ਰਾਜੇ ਰਾਵਣ ਵਲੋਂ ਸਭ ਤੋਂ ਪਹਿਲਾਂ ਉਡਣ ਤਸਕਰੀ ਦੀ ਵਰਤੋਂ ਦਾ ਜ਼ਿਕਰ ਕਈ ਮਿਥਿਹਾਸਕ ਹਵਾਲਿਆਂ ਅੰਦਰ ਮਿਲਦਾ ਹੈ।

ਪਿਛਲੇ ਸਮੇਂ ਦੌਰਾਨ ਭਾਰਤ ਅੰਦਰ ਵੀ ਕੁੱਝ ਲੋਕਾਂ ਵਲੋਂ ਹਵਾਈ ਜਹਾਜ਼ ਦੀ ਉਤਪਤੀ ਨੂੰ ਰਾਵਣ ਨਾਲ ਜੋੜਦੇ ਮਿਥਿਹਾਸਕ ਤੱਥਾਂ ਦਾ ਜ਼ਿਕਰ ਸਾਹਮਣੇ ਆਇਆ ਸੀ। ਹੁਣ ਕੁੱਝ ਅਜਿਹਾ ਹੀ ਪ੍ਰਗਟਾਵਾ ਸ੍ਰੀਲੰਕਾ ਸਰਕਾਰ ਵਲੋਂ ਕੀਤਾ ਗਿਆ  ਹੈ। ਦਰਅਸਲ ਸ੍ਰੀਲੰਕਾ ਸਰਕਾਰ ਦਾ ਦਾਅਵਾ ਹੈ ਕਿ ਪੰਜ ਹਜ਼ਾਰ ਸਾਲ ਪਹਿਲਾਂ ਰਾਵਣ ਨੇ ਹੀ ਪਹਿਲੀ ਵਾਰ ਹਵਾਈ ਜਹਾਜ਼ ਦੀ ਵਰਤੋਂ ਕੀਤੀ ਸੀ। ਇਸ ਸਬੰਧੀ ਸ੍ਰੀਲੰਕਾ ਸਰਕਾਰ ਵਲੋਂ ਬਕਾਇਦਾ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਲੋਕਾਂ ਨੂੰ ਰਾਵਣ ਬਾਰੇ ਕੋਈ ਵੀ ਦਸਤਾਵੇਜ਼ ਸਾਂਝਾ ਕਰਨ ਲਈ ਕਿਹਾ ਗਿਆ ਹੈ। ਇਹ ਇਸ਼ਤਿਹਾਰ ਸ੍ਰੀਲੰਕਾ ਦੇ ਸੈਰ ਸਪਾਟਾ ਅਤੇ ਹਵਾਬਾਜ਼ੀ ਮੰਤਰਾਲੇ ਵਲੋਂ ਵੱਖ ਵੱਖ ਅਖ਼ਬਾਰਾਂ ਨੂੰ ਜਾਰੀ ਕੀਤਾ ਗਿਆ ਹੈ।

ਕਾਬਲੇਗੌਰ ਹੈ ਕਿ ਭਾਰਤ ਦੇ ਉਲਟ ਸ੍ਰੀਲੰਕਾ ਅੰਦਰ ਰਾਵਣ ਨੂੰ ਇਕ ਮਹਾਨ ਰਾਜੇ ਵਜੋਂ ਵੇਖਿਆ ਜਾਂਦਾ ਹੈ। ਇਸ ਇਸ਼ਤਿਹਾਰ ਰਾਹੀਂ ਲੋਕਾਂ ਨੂੰ ਰਾਵਣ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਜਾਂ ਕਿਤਾਬ ਨੂੰ ਸਾਂਝਾ ਕਰਨ ਦੀ ਬੇਨਤੀ ਕੀਤੀ ਗਈ ਹੈ। ਸਰਕਾਰ ਦੀ ਮਨਸ਼ਾ ਇਨ੍ਹਾਂ ਦਸਤਾਵੇਜ਼ਾਂ ਜਾਂ ਕਿਤਾਬਾਂ ਜ਼ਰੀਏ ਗੁਆਚੀ ਵਿਰਾਸਤ ਦੀ ਖੋਜ ਨੂੰ ਨੇਪਰੇ ਚਾੜ੍ਹਨਾ ਹੈ। ਸ੍ਰੀਲੰਕਾ ਦੀ ਹਵਾਬਾਜ਼ੀ ਅਥਾਰਟੀ ਨੇ ਰਾਵਣ ਵਲੋਂ ਪ੍ਰਾਚੀਨ ਕਾਲ ਦੌਰਾਨ ਉਡਾਣ ਭਰਨ ਲਈ ਵਰਤੇ ਗਏ ਢੰਗ-ਤਰੀਕਿਆਂ ਨੂੰ ਸਮਝਣ ਲਈ ਇਕ ਪਹਿਲ ਸ਼ੁਰੂ ਕੀਤੀ ਗਈ ਹੈ। ਸ੍ਰੀਲੰਕਾ ਸਰਕਾਰ ਦੇ ਦਾਅਵੇ ਮੁਤਾਬਕ ਉਹ ਇਸ ਪਿਛਲੀ ਸੱਚਾਈ ਨੂੰ ਸਾਬਤ ਕਰ ਕੇ ਵਿਖਾਉਣਗੇ।

ਸ੍ਰੀਲੰਕਾ ਦੀ ਹਵਾਬਾਜ਼ੀ ਅਥਾਰਟੀ ਦੇ ਸਾਬਕਾ ਉਪ ਮੁਖੀ ਸ਼ਸ਼ੀ ਦੰਤੰਜ ਮੁਤਾਬਕ ਉਨ੍ਹਾਂ ਕੋਲ ਇਸ ਨੂੰ ਸਾਬਤ ਕਰਨ ਲਈ ਬਹੁਤ ਸਾਰੇ ਤੱਥ ਤੇ ਕਾਰਨ ਮੌਜੂਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਲੇ ਪੰਜ ਸਾਲ ਤਕ ਇਸ ਸੱਚਾਈ ਤੋਂ ਪਰਦਾ ਚੁੱਕ ਦੇਣਗੇ। ਕਾਬਲੇਗੌਰ ਹੈ ਕਿ ਸ੍ਰੀਲੰਕਾ ਦੇ ਲੋਕਾਂ ਅੰਦਰ ਲੰਕਾ ਦੇ ਰਾਜੇ 'ਚ ਵੱਡੀ ਦਿਲਚਸਪੀ ਹੈ। ਸ੍ਰੀਲੰਕਾ ਨੇ ਹਾਲ ਹੀ ਵਿਚ ਅਪਣੇ ਪਹਿਲੇ ਪੁਲਾੜ ਮਿਸ਼ਨ ਤਹਿਤ ਰਾਵਣ ਨਾਮ ਦੀ ਸੈਟੇਲਾਈਟ ਲਾਂਚ ਕੀਤੀ ਹੈ। ਸ੍ਰੀਲੰਕਾ ਅੰਦਰ ਵੱਡੀ ਗਿਣਤੀ ਲੋਕਾਂ ਮੁਤਾਬਕ ਰਾਵਣ ਇਕ ਦਿਆਲੂ ਰਾਜਾ ਹੋਣ ਦੇ ਨਾਲ ਨਾਲ ਉਚ ਕੋਟੀ ਦਾ ਵਿਦਵਾਨ ਸੀ।

ਕਾਬਲੇਗੌਰ ਹੈ ਕਿ ਭਾਰਤ ਦੇ ਕੁੱਝ ਹਿੱਸਿਆਂ ਅੰਦਰ ਵੀ ਰਾਵਣ ਨੂੰ ਇਕ ਵਿਦਵਾਨ ਵਜੋਂ ਮਾਨਤਾ ਦਿਤੀ ਜਾਂਦੀ ਹੈ। ਉੱਤਰੀ ਭਾਰਤ ਸਮੇਤ ਦੇਸ਼ ਦੇ ਬਹੁਤੇ ਹਿੱਸਿਆਂ ਅੰਦਰ ਜਿੱਥੇ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਫੂਕ ਕੇ ਬਦੀ 'ਤੇ ਨੇਕੀ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ, ਉਥੇ ਹੀ ਕਈ ਥਾਈ ਰਾਵਣ ਦੀ ਪੂਜਾ ਵੀ ਕੀਤੀ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਭਾਰਤ ਅੰਦਰ ਵੀ ਕੁੱਝ ਭਾਜਪਾ ਆਗੂਆਂ ਨੇ ਰਾਵਣ ਵਲੋਂ ਸਭ ਤੋਂ ਪਹਿਲਾਂ ਉਡਣ ਤਸਕਰੀ ਉਡਾਣ ਵਰਗੇ ਦਾਅਵੇ ਕੀਤੇ ਗਏ ਸਨ। ਰਾਵਣ ਨਾਲ ਸਮੇਂ ਸਮੇਂ 'ਤੇ ਅਜਿਹੀਆਂ ਕਈ ਦਿਲਚਸਪ ਘਟਨਾਵਾਂ  ਜੁੜਦੀਆਂ ਰਹੀਆਂ ਹਨ, ਜਿਨ੍ਹਾਂ ਬਾਰੇ ਜਾਣਨ ਦੀ ਲੋਕਾਂ ਅੰਦਰ ਅਕਸਰ ਉਤਸੁਕਤਾ ਰਹਿੰਦੀ ਹੈ। ਸ੍ਰੀਲੰਕਾ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਇਹ ਪ੍ਰਾਜੈਕਟ ਵੀ ਇਸੇ ਮਾਨਸਿਕਤਾ ਦਾ ਹਿੱਸਾ ਹੋ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।