ਕੋਰੋਨਾ ਤੋਂ ਵੀ ਜ਼ਿਆਦਾ ਜਾਨਲੇਵਾ ਵਾਇਰਸ! ਚੀਨ ਵਿਚ ਮੰਕੀ ਬੀ ਵਾਇਰਸ ਦੇ ਪਹਿਲੇ ਮਰੀਜ਼ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਦੇ ਚਲਦਿਆਂ ਚੀਨ ਵਿਚ ਇਕ ਹੋਰ ਵਾਇਰਸ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

China's first human case with Monkey B virus dies

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਚੀਨ ਵਿਚ ਇਕ ਹੋਰ ਵਾਇਰਸ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬਾਂਦਰ ਜ਼ਰੀਏ ਫੈਲਣ ਵਾਲੇ ਮੰਕੀ ਬੀ ਵਾਇਰਸ ਦੀ ਚਪੇਟ ਵਿਚ ਆਏ ਪਸ਼ੂਆਂ ਦੇ ਇਕ ਡਾਕਟਰ ਦੀ ਮੌਤ ਹੋ ਗਈ ਹੈ। ਇਹ ਚੀਨ ਵਿਚ ਇਸ ਵਾਇਰਸ ਨਾਲ ਇਨਸਾਨਾਂ ਵਿਚ ਫੈਲਣ ਦਾ ਪਹਿਲਾ ਮਾਮਲਾ ਹੈ।

ਇਹ ਵਾਇਰਸ ਕਿੰਨਾ ਜਾਨਲੇਵਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨਾਲ ਪੀੜਤ ਲੋਕਾਂ ਦੇ ਮਰਨ ਦੀ ਦਰ 70 ਤੋਂ 80 ਫੀਸਦ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੀਜਿੰਗ ਵਿਚ ਜਾਨਵਰਾਂ ਦੇ ਇਕ ਡਾਕਟਰ ਦੀ ਮੰਕੀ ਬੀ ਵਾਇਰਸ ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਡਾਕਟਰ ਦੇ ਸੰਪਰਕ ਵਿਚ ਆਏ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਆਈਸੀਐਮਆਰ ਦੇ ਸਾਬਕਾ ਸਲਾਹਕਾਰ ਡਾਕਟਰ ਵੀਕੇ ਭਾਰਦਵਾਜ ਕਹਿੰਦੇ ਹਨ ਕਿ ਹਰਪੀਸ ਬੀ ਵਾਇਰਸ ਜਾਂ ਫਿਰ ਮੰਕੀ ਵਾਇਰਸ ਆਮ ਤੌਰ ’ਤੇ ਬਾਲਗ ਮੈਕਾਕ ਬਾਂਦਰਾਂ ਵਿਚ ਮਿਲਦਾ ਹੈ। ਇਸ ਤੋਂ ਇਲਾਵਾ ਰੀਸਸ ਮੈਕਾਕ, ਸੂਅਰ-ਪੂੰਛ ਵਾਲੇ ਮੈਕਾਕ ਆਦਿ ਵਿਚ ਵੀ ਇਹ ਵਾਇਰਸ ਫੈਲਦਾ ਹੈ।

ਡਾ ਭਾਰਦਵਾਜ ਦਾ ਕਹਿਣਾ ਹੈ ਕਿ ਮਨੁੱਖਾਂ ਵਿਚ ਇਹ ਵਾਇਰਸ ਬਹੁਤ ਘੱਟ ਮਿਲਦਾ ਹੈ ਕਿਉਂਕਿ ਇਹ ਵਾਇਰਸ ਅਜੇ ਤੱਕ ਭਾਰਤ ਦੇ ਬਾਂਦਰਾਂ ਵਿਚ ਮੌਜੂਦ ਨਹੀਂ ਹੈ, ਪਰ ਜੇ ਕੋਈ ਵਿਅਕਤੀ ਇਸ ਵਾਇਰਸ ਨਾਲ ਸੰਕਰਮਿਤ ਹੋ ਜਾਂਦਾ ਹੈ ਤਾਂ ਉਸ ਨੂੰ ਤੰਤੂ ਬਿਮਾਰੀ ਜਾਂ ਦਿਮਾਗ ਦੀ ਸਮੱਸਿਆ ਹੋ ਸਕਦੀ ਹੈ। ਇਨਸਾਨਾਂ ਵਿਚ ਇਸ ਵਾਇਰਸ ਦੇ ਲੱਛਣ ਇਕ ਮਹੀਨੇ ਵਿਚ ਜਾਂ ਫਿਤ 3 ਤੋਂ 7 ਦਿਨਾਂ ਵਿਚ ਦਿਖਾਈ ਦਿੰਦੇ ਹਨ।

ਬਾਦਰਾਂ ਤੋਂ ਇਸ ਤਰ੍ਹਾਂ ਇਨਸਾਨਾਂ ਵਿਚ ਪਹੁੰਚ ਸਕਦਾ ਹੈ ਵਾਇਰਸ

  • ਬਾਂਦਰ ਦੇ ਕੱਟਣ ਨਾਲ
  • ਬਾਂਦਰ ਦੇ ਖਰੋਚਣ ਨਾਲ
  • ਬਾਂਦਰ ਦਾ ਥੁੱਕ
  • ਮਲ ਮੂਤਰ
  • ਸੰਕਰਮਿਤ ਇੰਜੈਕਸ਼ਨ