ਜਸਟਿਨ ਟਰੂਡੋ ਹੀ ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਪਰ ਸਰਕਾਰ ਚਲਾਉਣ ਵਿਚ ਆ ਸਕਦੀ ਹੈ ਮੁਸ਼ਕਿਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਨੇਡੀਅਨ ਸੰਸਦ ਦੇ ਹੇਠਲੇ ਸਦਨ ‘ਹਾਊਸ ਆੱਫ਼ ਕਾਮਨਜ਼’ ਦੀਆਂ 338 ਸੀਟਾਂ ਵਿਚ ਬਹੁਮਤ ਲਈ 170 ਸੀਟਾਂ ਲਾਜ਼ਮੀ ਹੁੰਦੀਆਂ ਹਨ

Justin Trudeau

ਓਟਾਵਾ- ਕੈਨੇਡਾ ’ਚ ਇੱਕ ਵਾਰ ਫਿਰ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। ਇਸ ਵਾਰ ਉਹ ਭਾਵੇਂ ਸੰਸਦ ’ਚ ਬਹੁਮਤ ਵਿਚ ਨਹੀਂ ਹੋਣਗੇ ਪਰ ਫਿਰ ਵੀ ਉਹ ਘੱਟ–ਗਿਣਤੀ ਸਰਕਾਰ ਦੇ ਪ੍ਰਧਾਨ ਮੰਤਰੀ ਹੋਣਗੇ। ਹੁਣ ਤੱਕ ਦੇ ਕੈਨੇਡੀਅਨ ਸੰਸਦੀ ਚੋਣ ਨਤੀਜਿਆਂ ਦੇ ਰੁਝਾਨਾਂ 'ਤੇ ਨਤੀਜਿਆਂ ਮੁਤਾਬਕ ਟਰੂਡੋ ਨੂੰ ਹੁਣ ਛੋਟੀਆਂ ਪਾਰਟੀਆਂ ਦੀ ਮਦਦ ਨਾਲ ਸਰਕਾਰ ਬਣਾਉਣੀ ਹੋਵੇਗੀ।

justin trudeau

ਕੈਨੇਡੀਅਨ ਸੰਸਦ ਦੇ ਹੇਠਲੇ ਸਦਨ ‘ਹਾਊਸ ਆੱਫ਼ ਕਾਮਨਜ਼’ ਦੀਆਂ 338 ਸੀਟਾਂ ਵਿਚ ਬਹੁਮਤ ਲਈ 170 ਸੀਟਾਂ ਲਾਜ਼ਮੀ ਹੁੰਦੀਆਂ ਹਨ। ਲਿਬਰਲ ਪਾਰਟੀ ਹੁਣ ਤੱਕ 156 ਸੀਟਾਂ ਜਿੱਤ ਚੁੱਕੀ ਹੈ। ਪਿਛਲੀ ਵਾਰ ਸਾਲ 2015 ਦੀਆਂ ਚੋਣਾਂ ਵੇਲੇ ਟਰੂਡੋ ਦੀ ਲਿਬਰਲ ਪਾਰਟੀ ਨੇ 184 ਸੀਟਾਂ ਜਿੱਤੀਆਂ ਸਨ। ਕਨਜ਼ਰਵੇਟਿਵ ਪਾਰਟੀ 122 ਸੀਟਾਂ ਜਿੱਤ ਕੇ ਦੂਜੇ ਨੰਬਰ ’ਤੇ ਹੈ। ਕੈਨੇਡਾ ’ਚ ਪਿਛਲੇ 15 ਸਾਲਾਂ ਦੌਰਾਨ ਇਸ ਵਾਰ ਚੌਥੀ ਵਾਰ ਘੱਟ–ਗਿਣਤੀ ਸਰਕਾਰ ਬਣਨ ਜਾ ਰਹੀ ਹੈ। ਇਸ ਨੂੰ 47 ਸਾਲਾ ਜਸਟਿਨ ਟਰੂਡੋ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦਰਅਸਲ, ਇਸ ਵਾਰ  ਕੁਝ ਕਥਿਤ ਘੁਟਾਲਿਆਂ ਕਾਰਨ ਸਰਕਾਰ ਦਾ ਅਕਸ ਕੁਝ ਖ਼ਰਾਬ ਹੋ ਗਿਆ ਸੀ।

ਇੰਝ ਇਸ ਵਾਰ ਬਹੁਮੱਤ ਦੀ ਘਾਟ ਕਾਰਨ ਟਰੂਡੋ ਦੀ ਸਰਕਾਰ ਨੂੰ ਬਿਲ ਪਾਸ ਕਰਨ ਲਈ ਹੋਰਨਾਂ ਪਾਰਟੀਆਂ ਦੀ ਜ਼ਰੂਰਤ ਪਿਆ ਕਰੇਗੀ। ਉਹ ਕੋਈ ਰਸਮੀ ਗੱਠਜੋੜ ਵੀ ਕਾਇਮ ਕਰ ਸਕਦੇ ਹਨ। ਹੋ ਸਕਦਾ ਹੈ ਕਿ ਤੀਜੇ ਸਥਾਨ ’ਤੇ ਰਹਿਣ ਵਾਲੀ ਬਲਾਕ ਕਿਊਬੇਕੋਇਸ ਤੇ ਚੌਥੇ ਸਥਾਨ ’ਤੇ ਰਹੀ ਨਿਊ ਡੈਮੋਕ੍ਰੈਟਿਕ ਪਾਰਟੀ ਕੋਲ ਇੰਨੀਆਂ ਕੁ ਸੀਟਾਂ ਹਨ ਕਿ ਜਿਸ ਨਾਲ ਲਿਬਰਲ ਸਰਕਾਰ ਚੱਲਦੀ ਰਹਿ ਸਕਦੀ ਹੈ।

ਸੰਸਦ ਵਿਚ ਟਰੂਡੋ ਸਰਕਾਰ ਦੀ ਪਹਿਲੀ ਪ੍ਰੀਖਿਆ ਗਵਰਨਰਲ–ਜਨਰਲ ਦੇ ਭਾਸ਼ਣ ਵੇਲੇ ਹੋਵੇਗੀ ਜਦੋਂ ਸਦਨ ’ਚ ਵੋਟਿੰਗ ਹੋਵੇਗੀ। ਜੇ ਉਦੋਂ ਸਰਕਾਰ ਡਿੱਗ ਜਾਂਦੀ ਹੈ, ਤਾਂ ਗਵਰਨਰ–ਜਨਰਲ ਕਿਸੇ ਹੋਰ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੇ ਹਨ। ਇੰਝ ਅਗਲੇ ਕੁਝ ਦਿਨ ਕੈਨੇਡੀਅਨ ਸਿਆਸਤ ਵਿੱਚ ਦਿਲਚਸਪ ਬਣੇ ਰਹਿਣਗੇ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।