ਆਸਟ੍ਰੇਲੀਆ ਦੇ ਇੱਕ ਸਕੂਲ 'ਚ ਰਸਾਇਣਿਕ ਪ੍ਰਯੋਗ ਦੌਰਾਨ ਧਮਾਕਾ, 11 ਵਿਦਿਆਰਥੀ ਤੇ 1 ਸਟਾਫ਼ ਮੈਂਬਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਦਿਆਰਥੀ 'ਬਲੈਕ ਸਨੇਕ' ਵਜੋਂ ਜਾਣੇ ਜਾਂਦੇ ਇੱਕ ਪ੍ਰਯੋਗ ਵਿੱਚ ਹਿੱਸਾ ਲੈ ਰਹੇ ਸਨ

Image

 

ਸਿਡਨੀ - ਆਸਟ੍ਰੇਲੀਆ ਦੇ ਸਿਡਨੀ ਵਿੱਚ ਇੱਕ ਪ੍ਰਾਇਮਰੀ ਸਕੂਲ 'ਚ ਵਿਗਿਆਨ ਪ੍ਰਯੋਗ ਦੌਰਾਨ ਹੋਏ ਧਮਾਕੇ ਵਿੱਚ ਗਿਆਰਾਂ ਵਿਦਿਆਰਥੀ ਅਤੇ ਇੱਕ ਸਟਾਫ਼ ਮੈਂਬਰ ਜ਼ਖਮੀ ਹੋ ਗਏ।ਨਿਊ ਸਾਊਥ ਵੇਲਜ਼ ਦੀ ਸਿੱਖਿਆ ਅਤੇ ਅਰਲੀ ਲਰਨਿੰਗ ਮੰਤਰੀ ਸਾਰਾਹ ਮਿਸ਼ੇਲ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। 

ਮੀਡੀਆ ਰਿਪੋਰਟਾਂ ਮੁਤਾਬਿਕ ਸੋਮਵਾਰ ਨੂੰ ਸਿਡਨੀ ਦੇ ਉੱਤਰੀ ਬੀਚ 'ਤੇ ਸਥਿਤ ਮੈਨਲੀ ਵੈਸਟ ਪਬਲਿਕ ਸਕੂਲ 'ਚ ਆਊਟਡੋਰ ਸਾਇੰਸ ਕਲਾਸ ਦੌਰਾਨ 5ਵੀਂ ਜਮਾਤ ਦੇ 11 ਵਿਦਿਆਰਥੀ ਅਤੇ ਇੱਕ ਸਟਾਫ਼ ਮੈਂਬਰ ਜ਼ਖਮੀ ਹੋ ਗਿਆ।

ਮੰਤਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਸਿੱਖਿਆ ਵਿਭਾਗ ਅਤੇ ਐਨ.ਐਸ.ਡਬਲਯੂ. ਪੁਲਿਸ ਸਮੇਤ ਸੰਬੰਧਿਤ ਅਧਿਕਾਰੀਆਂ ਦੁਆਰਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੇਫ਼ਵਰਕ ਐਨ.ਐਸ.ਡਬਲਯੂ. ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਹ ਸਮੇਂ ਸਿਰ ਆਪਣੀ ਜਾਂਚ ਕਰਨਗੇ। 

ਇਸ ਤੋਂ ਪਹਿਲਾਂ ਮਿਸ਼ੇਲ ਨੇ ਪੁਸ਼ਟੀ ਕੀਤੀ ਸੀ ਕਿ ਹਸਪਤਾਲ 'ਚ ਇਲਾਜ ਲਈ ਦੋ ਵਿਦਿਆਰਥੀ ਹਾਲੇ ਵੀ ਦਾਖਲ ਹਨ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਵਿਦਿਆਰਥੀ 'ਬਲੈਕ ਸਨੇਕ' ਵਜੋਂ ਜਾਣੇ ਜਾਂਦੇ ਇੱਕ ਵਿਗਿਆਨ ਪ੍ਰਯੋਗ ਵਿੱਚ ਹਿੱਸਾ ਲੈ ਰਹੇ ਸਨ, ਜਿਸ ਵਿੱਚ ਬੇਕਿੰਗ ਸੋਡਾ ਅਤੇ ਚੀਨੀ ਦੇ ਢੇਰ ਨੂੰ ਅੱਗ ਲਗਾਈ ਜਾਂਦੀ ਹੈ।

ਐਨ.ਐਸ.ਡਬਲਯੂ. ਐਂਬੂਲੈਂਸ ਦੇ ਕਾਰਜਕਾਰੀ ਸੁਪਰਡੈਂਟ ਫ਼ਿਲ ਟੈਂਪਲਮੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਵਿੱਚੋਂ ਦੋ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਲਿਜਾਇਆ ਗਿਆ ਸੀ। ਇਹਨਾਂ ਵਿਚੋਂ ਇੱਕ ਨੂੰ ਕੇਅਰਫ਼ਲਾਈਟ ਏਅਰਕ੍ਰਾਫ਼ਟ ਦੁਆਰਾ ਅਤੇ ਦੂਜੇ ਨੂੰ ਸੜਕ ਦੁਆਰਾ ਲਿਜਾਇਆ ਗਿਆ ਸੀ। ਉਸ ਨੇ ਕਿਹਾ ਕਿ ਬੱਚਿਆਂ ਦੇ ਸਰੀਰ ਦੇ ਉੱਪਰਲੇ ਹਿੱਸੇ, ਛਾਤੀ, ਚਿਹਰੇ ਅਤੇ ਲੱਤਾਂ ਤੱਕ ਸੜ ਗਏ ਸਨ।