ਭਾਰਤ ਦੇ 'ਹੰਕਾਰੀ ਵਤੀਰੇ' ਤੋਂ ਨਿਰਾਸ਼ ਹਾਂ : ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਿਊਯਾਰਕ ਵਿਚ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਰੱਦ ਕੀਤੇ ਜਾਣ ਸਬੰਧੀ ਭਾਰਤ ਦੇ ਫ਼ੈਸਲੇ ਨੂੰ 'ਹੰਕਾਰੀ ਰੁਖ਼' ਦਸਿਆ ਹੈ.......
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਿਊਯਾਰਕ ਵਿਚ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਰੱਦ ਕੀਤੇ ਜਾਣ ਸਬੰਧੀ ਭਾਰਤ ਦੇ ਫ਼ੈਸਲੇ ਨੂੰ 'ਹੰਕਾਰੀ ਰੁਖ਼' ਦਸਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਨਾਂਹਪੱਖੀ ਰੁਖ਼ ਤੋਂ ਉਹ ਨਿਰਾਸ਼ ਹਨ। ਨਿਊਯਾਰਕ ਵਿਚ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਬੈਠਕ ਲਈ ਰਾਜ਼ੀ ਹੋਣ ਦੇ ਮਹਿਜ਼ 24 ਘੰਟਿਆਂ ਮਗਰੋਂ ਕਲ ਭਾਰਤ ਸਰਕਾਰ ਨੇ ਕਿਹਾ ਸੀ ਕਿ ਕੋਈ ਬੈਠਕ ਨਹੀਂ ਹੋਵੇਗੀ।
ਭਾਰਤ ਨੇ ਜੰਮੂ ਕਸ਼ਮੀਰ ਵਿਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਬੇਰਹਿਮੀ ਨਾਲ ਹਤਿਆ ਅਤੇ ਪਾਕਿਸਤਾਨ ਦੁਆਰਾ ਕਸ਼ਮੀਰੀ ਅਤਿਵਾਦੀ ਬੁਰਹਾਨ ਵਾਣੀ ਦੀ ਉਸਤਤ ਕਰਨ ਵਾਲੀਆਂ ਡਾਕ ਟਿਕਟਾਂ ਜਾਰੀ ਕਰਨ ਦਾ ਹਵਾਲਾ ਦਿੰਦਿਆਂ ਇਹ ਐਲਾਨ ਕੀਤਾ ਸੀ। ਖ਼ਾਨ ਨੇ ਟਵਿਟਰ 'ਤੇ ਕਿਹਾ, 'ਸ਼ਾਂਤੀ ਗੱਲਬਾਤ ਦੁਬਾਰਾ ਸ਼ੁਰੂ ਕੀਤੇ ਜਾਣ ਲਈ ਮੇਰੇ ਸੱਦੇ 'ਤੇ ਭਾਰਤ ਦੇ ਹੰਕਾਰੀ ਅਤੇ ਨਾਂਹਪੱਖੀ ਰੁਖ਼ ਤੋਂ ਨਿਰਾਸ਼ ਹਾਂ।'
ਭਾਰਤ ਦੁਆਰਾ ਬੈਠਕ ਰੱਦ ਕੀਤੇ ਬਾਰੇ ਤਿੱਖਾ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ, 'ਹਾਲਾਂਕਿ ਮੈਂ ਅਪਣੇ ਸਾਰੇ ਜੀਵਨ 'ਚ ਵੇਖਿਆ ਹੈ ਕਿ ਛੋਟੇ ਲੋਕ ਵੱਡੇ ਅਹੁਦਿਆਂ 'ਤੇ ਬੈਠੇ ਰਹੇ ਹਨ ਅਤੇ ਉਨ੍ਹਾਂ ਕੋਲ ਵੱਡੀ ਤਸਵੀਰ ਵੇਖਣ ਦਾ ਦ੍ਰਿਸ਼ਟੀਕੋਣ ਨਹੀਂ ਹੈ।' ਕਲ ਪਾਕਿਸਤਾਨ ਸਰਕਾਰ ਦੇ ਬੁਲਾਰੇ ਨੇ ਕਿਹਾ, 'ਪਾਕਿਸਤਾਨ ਪੂਰੀ ਤਰ੍ਹਾਂ ਦੋਸ਼ਾਂ ਨੂੰ ਰੱਦ ਕਰਦਾ ਹੈ। ਸਾਡੇ ਅਧਿਕਾਰੀ ਸਚਾਈ ਦਾ ਪਤਾ ਲਾਉਣ ਲਈ ਸਾਂਝੀ ਜਾਂਚ ਕਰਨ ਲਈ ਤਿਆਰ ਹੋਣਗੇ।' (ਏਜੰਸੀ)