ਲੰਦਨ ਨੇੜੇ ਟਰੱਕ ਦੇ ਕੰਟੇਨਰ ਵਿਚੋਂ 39 ਲਾਸ਼ਾਂ ਮਿਲੀਆਂ: ਬ੍ਰਿਟਿਸ਼ ਪੁਲਿਸ
ਉੱਤਰੀ ਆਇਰਲੈਂਡ ਦੇ ਰਹਿਣ ਵਾਲੇ 25 ਸਾਲਾ ਟਰੱਕ ਡਰਾਈਵਰ ਗ੍ਰਿਫ਼ਤਾਰ ਕੀਤਾ
ਲੰਡਨ : ਬ੍ਰਿਟੇਨ ਦੇ ਲੰਦਨ ਨੇੜੇ ਬੁਧਵਾਰ ਨੂੰ ਇਕ ਟਰੱਕ ਕੰਟੇਨਰ ਵਿਚੋਂ 39 ਲਾਸ਼ਾਂ ਮਿਲੀਆਂ। ਇਹ ਟਰੱਕ ਬੁਲਗਾਰੀਆ ਤੋਂ ਆਇਆ ਸੀ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਉੱਤਰੀ ਆਇਰਲੈਂਡ ਦੇ ਰਹਿਣ ਵਾਲੇ 25 ਸਾਲਾ ਡਰਾਈਵਰ ਨੂੰ 39 ਲੋਕਾਂ ਦੀ ਹਤਿਆ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਲਾਸ਼ਾਂ ਉਸ ਦੇ ਟਰੱਕ ਤੋਂ ਐਸੇਕਸ, ਦੱਖਣ-ਪੂਰਬੀ ਇੰਗਲੈਂਡ ਵਿਚ ਬਰਾਮਦ ਹੋਈਆਂ।
ਐਸੇਕਸ ਪੁਲਿਸ ਨੇ ਕਿਹਾ ਕਿ ਲੰਦਨ ਦੇ ਪੂਰਬੀ ਗ੍ਰੇਜ਼ ਦੇ ਵਾਟਰਗਲੇਡ ਦੇ ਉਦਯੋਗਿਕ ਪਾਰਕ ਵਿਖੇ ਘਟਨਾ ਸਥਾਨ 'ਤੇ ਮਿਲੇ ਲੋਕਾਂ ਨੂੰ ਮ੍ਰਿਤਕ ਐਲਾਨ ਦਿਤਾ ਗਿਆ ਹੈ। ਮੁਢਲੇ ਸੰਕੇਤਾਂ ਤੋਂ ਪਤਾ ਚਲਦਾ ਹੈ ਕਿ ਮਰਨ ਵਾਲਿਆਂ ਵਿਚ 38 ਬਾਲਗ ਅਤੇ ਇਕ ਨਾਬਾਲਗ ਸ਼ਾਮਲ ਹੈ। ਪੁਲਿਸ ਨੇ ਦਸਿਆ ਕਿ ਟਰੱਕ ਬੁਲਗਾਰੀਆ ਤੋਂ ਆਇਆ ਸੀ ਅਤੇ ਸਨਿਚਰਵਾਰ ਨੂੰ ਹੋਲੀਹੈੱਡ ਦੇ ਰਸਤੇ ਦੇਸ਼ ਵਿਚ ਦਾਖਲ ਹੋਇਆ ਸੀ। ਚੀਫ ਸੁਪਰਡੈਂਟ ਆਫ਼ ਪੁਲਿਸ ਐਂਡਿਊ ਮੈਰੀਨਰ ਨੇ ਕਿਹਾ ਕਿ ਅਧਿਕਾਰੀ ਪੀੜਤਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮਰੀਨਰ ਨੇ ਇਕ ਬਿਆਨ ਵਿਚ ਕਿਹਾ, “ਇਹ ਬਹੁਤ ਹੀ ਦੁਖਦਾਈ ਘਟਨਾ ਹੈ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਅਪਣੀਆਂ ਜਾਨਾਂ ਗੁਆ ਦਿਤੀਆਂ। ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਘਟਨਾ ਕਿਵੇਂ ਵਾਪਰੀ।” ਪੁਲਿਸ ਨੇ ਕਿਹਾ ਕਿ ਵਾਟਰਗਲੇਡ ਉਦਯੋਗਿਕ ਪਾਰਕ ਵਿਚ ਇਕ ਟਰੱਕ ਦੇ ਕੰਟੇਨਰ ਵਿਚ ਲੋਕਾਂ ਦੇ ਪਾਏ ਜਾਣ ਦੇ ਬਾਅਦ ਐਂਬੂਲੈਂਸ ਸੇਵਾ ਨੂੰ ਸੂਚਿਤ ਕੀਤਾ। ਮਰੀਨਰ ਨੇ ਕਿਹਾ, “ਅਸੀਂ ਪੀੜਤਾਂ ਦੀ ਪਛਾਣ ਕਰ ਰਹੇ ਹਾਂ। ਹਾਲਾਂਕਿ ਮੈਨੂੰ ਲਗਦਾ ਹੈ ਕਿ ਇਹ ਇਕ ਲੰਮੀ ਪ੍ਰਕਿਰਿਆ ਹੋ ਸਕਦੀ ਹੈ।”
ਇਸ ਦੌਰਾਨ, ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਟਵੀਟ ਕੀਤਾ ਕਿ ਉਹ ਇਸ ਦੁਖਦਾਈ ਘਟਨਾ ਤੋਂ ਦੁਖੀ ਹੈ ਅਤੇ ਇਸ ਘਟਨਾ ਦੇ ਅਸਲ ਤੱਥਾਂ ਦਾ ਪਤਾ ਲਗਾਉਣ ਲਈ ਐਸੇਕਸ ਪੁਲਿਸ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਉਹ ਇਸ ਦੁਖਦਾਈ ਘਟਨਾ ਤੋਂ ਹੈਰਾਨ ਅਤੇ ਦੁਖੀ ਹਨ।