ਭਾਰਤ ਸਰਕਾਰ ਨੇ ਤੁਰਕੀ ਜਾਣ ਵਾਲੇ ਨਾਗਰਿਕਾਂ ਲਈ ਜਾਰੀ ਕੀਤੀ ਚਿਤਾਵਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਤੁਰਕੀ ਅਤੇ ਸੀਰੀਆ ਵਿਚਾਲੇ ਚੱਲ ਰਿਹਾ ਹੈ ਵਿਵਾਦ 

India issues advisory while visiting Turkey

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਤੁਰਕੀ ਜਾਣ ਵਾਲੇ ਨਾਗਰਿਕਾਂ ਲਈ ਇਕ ਚਿਤਾਵਨੀ ਜਾਰੀ ਕੀਤੀ ਹੈ। ਤੁਰਕੀ ਅਤੇ ਸੀਰੀਆ ਵਿਚਾਲੇ ਚੱਲ ਰਹੇ ਵਿਵਾਦ ਅਤੇ ਜੰਮੂ ਕਸ਼ਮੀਰ ਦੇ ਮਸਲੇ 'ਤੇ ਤੁਰਕੀ ਦੇ ਰੁਖ ਨੂੰ ਵੇਖਦਿਆਂ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ 'ਚ ਤੁਰਕੀ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

ਤੁਰਕੀ ਵਿਚ ਮੌਜੂਦ ਭਾਰਤੀ ਸਫ਼ਾਰਤਖਾਨੇ ਨੇ ਇਕ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਤੁਰਕੀ 'ਚ ਯਾਤਰਾ ਕਰਨ ਨੂੰ ਲੈ ਕੇ ਕਈ ਸਵਾਲ ਕੀਤੇ ਜਾ ਰਹੇ ਸਨ। ਤੁਰਕੀ ਦੇ ਤਾਜ਼ਾ ਹਲਾਤਾਂ ਨੂੰ  ਦੇਖਦੇ ਹੋਏ ਲੋਕ ਕਾਫ਼ੀ ਚਿੰਤਿਤ ਹਨ। ਹਾਲਾਂਕਿ ਇਸ ਤਰ੍ਹਾਂ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ ਜਿਸ ਵਿਚ ਕਿਸੇ ਵੀ ਭਾਰਤੀ ਨਾਗਰਿਕ ਨੂੰ ਨੁਕਸਾਨ ਹੋਇਆ ਹੋਵੇ। ਫਿਰ ਵੀ ਕੋਈ ਵੀ ਯਾਤਰੀ ਤੁਰਕੀ ਜਾਂਦੇ ਹੋਏ ਵੱਧ ਤੋਂ ਵੱਧ ਸਾਵਧਾਨੀ ਵਰਤੇ।

ਭਾਰਤੀ ਸਫ਼ਾਰਤਖਾਨੇ ਦੁਆਰਾ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਕਿਸੇ ਵੀ ਸਥਿਤੀ ਵਿਚ ਉਸ ਨੰਬਰ 'ਤੇ ਸੰਪਰਕ ਕਰਨ ਦੀ ਹਦਾਇਤ ਦਿੱਤੀ ਗਈ ਹੈ। ਭਾਰਤ ਦੀ ਇਸ ਚਿਤਾਵਨੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣਾ ਤੁਰਕੀ ਦੌਰਾ ਰੱਦ ਕਰ ਦਿੱਤਾ ਸੀ। ਪੀਐਮ ਮੋਦੀ ਨੇ ਇਸੇ ਮਹੀਨੇ ਸਾਊਦੀ ਅਰਬ ਦੇ ਦੌਰੇ ਤੋਂ ਬਾਅਦ ਤੁਰਕੀ ਜਾਣਾ ਸੀ ਪਰ ਬਾਅਦ ਵਿਚ ਇਹ ਦੌਰਾ ਰੱਦ ਹੋ ਗਿਆ।

ਜ਼ਿਕਰਯੋਗ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਇਦੋਰਗਨ ਨੇ ਸੰਯੁਕਤ ਰਾਸ਼ਟਰ ਮਹਾ ਸਭਾ ਵਿਚ ਜੰਮੂ ਕਸ਼ਮੀਰ ਦੇ ਮਸਲੇ 'ਤੇ ਬਿਆਨ ਦਿੰਦੇ ਹੋਏ ਆਪਣੇ ਸੁਰ ਪਾਕਿਸਤਾਨ ਨਾਲ ਮਿਲਾਏ ਸਨ। ਤੁਰਕੀ ਨੇ FATF ਦੀ ਬੈਠਕ ਵਿਚ ਵੀ ਪਾਕਿਸਤਾਨ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ ਤੁਰਕੀ ਦਾ ਸੀਰੀਆ ਦੇ ਨਾਲ ਵੀ ਭਿਆਨਕ ਵਿਵਾਦ ਚੱਲ ਰਿਹਾ ਹੈ। ਅਮਰੀਕੀ ਫ਼ੌਜ ਦੇ ਉਤਰੀ ਸੀਰੀਆ ਵਿਚੋਂ ਨਿਕਲ ਜਾਣ ਦੇ ਬਾਅਦ ਤੁਰਕੀ ਨੇ ਕੁਰਦ ਲੜਾਕਿਆਂ 'ਤੇ ਹਮਲਾ ਕਰ ਦਿਤਾ ਸੀ। ਹਾਲਾਂਕਿ ਬਾਅਦ ਵਿਚ ਅਮਰੀਕਾ ਦੇ ਦਖਲ ਮਗਰੋਂ ਤੁਰਕੀ ਨੇ ਆਪਣੀ ਕਾਰਵਾਈ ਰੋਕ ਦਿਤੀ ਸੀ।