ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲਣ ’ਚ ਕੁੱਝ ਮਹੀਨਿਆਂ ਦਾ ਲਗੇਗਾ ਸਮਾਂ : ਬਾਇਡਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਪਹਿਲੇ ਦਿਨ ਹਰ ਪਾਬੰਦੀ ਨੂੰ ਨਹੀਂ ਹਟਾਉਣਗੇ ਜਾਂ ਤੁਰੰਤ ਵਰਤਮਾਨ ਸ਼ਰਣ ਪ੍ਰਕਿਰਿਆ ’ਤੇ ਰੋਕ ਨਹੀਂ ਲਾਉਣਗੇ

Joe Biden

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵਲੋਂ ਮੌਜੂਦਾ ਇਮੀਗ੍ਰੇਸ਼ਨ ਅਤੇ ਸ਼ਰਣ ਪਾਬੰਦੀਆਂ ਵਿਚੋਂ ਕਈ ਪਾਬੰਦੀਆਂ ਨੂੰ ਅਗਲੇ 6 ਮਹੀਨਿਆਂ ਵਿਚ ਹਟਾਏ ਜਾਣ ਦੀ ਉਮੀਦ ਹੈ। ਬਾਇਡਨ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਟਰੰਪ ਪ੍ਰਸ਼ਾਸਨ ਦੀਆਂ ਕੁੱਝ ਇਮੀਗ੍ਰੇਸ਼ਨ ਨੀਤੀਆਂ ਨੂੰ ਵਾਪਸ ਲੈਣ ਲਈ ਸਮਾਂ ਸੀਮਾ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਇਸ ਨੂੰ ਲਾਗੂ ਕਰਨ ਵਿਚ 6 ਮਹੀਨੇ ਲੱਗ ਸਕਦੇ ਹਨ। 

ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਹਰ ਪਾਬੰਦੀ ਨੂੰ ਨਹੀਂ ਹਟਾਉਣਗੇ ਜਾਂ ਤੁਰੰਤ ਵਰਤਮਾਨ ਸ਼ਰਣ ਪ੍ਰਕਿਰਿਆ ’ਤੇ ਰੋਕ ਨਹੀਂ ਲਾਉਣਗੇ ਕਿਉਂਕਿ ਇਸ ਨਾਲ ਅਮਰੀਕਾ ਦੀ ਦਖਣੀ ਸਰਹੱਦ ’ਤੇ ਫਸੇ 20 ਲੱਖ ਲੋਕ ਪ੍ਰਭਾਵਤ ਹੋਣਗੇ। ਬਾਇਡਨ ਨੇ ਚੀਜਾਂ ਨੂੰ ਤੁਰੰਤ ਬਦਲਣ ਦੀ ਚੇਤਾਵਨੀ ਦਿਤੀ ।

ਉਨ੍ਹਾਂ ਕਿਹਾ, “ਮੈਂ ਪਹਿਲਾਂ ਹੀ ਮੈਕਸੀਕੋ ਦੇ ਰਾਸ਼ਟਰਪਤੀ ਅਤੇ ਲਤੀਨੀ ਅਮਰੀਕਾ ਵਿਚ ਸਾਡੇ ਦੋਸਤਾਂ ਨਾਲ ਇਨ੍ਹਾਂ ਮੁੱਦਿਆਂ ’ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਨਿਸ਼ਚਿਤ ਸਮੇਂ ਵਿਚ ਅਸੀਂ ਅਸਲ ਵਿਚ ਇਸ ਨੂੰ ਹੋਰ ਬੁਰਾ ਨਹੀਂ ਵਧੀਆ ਬਣਾਵਾਂਗੇ।’’ ਉਨ੍ਹਾਂ ਕਿਹਾ ਕਿ ਇਸ ਲਈ ਫੰਡ ਦੀ ਜਰੂਰਤ ਨਹੀਂ ਹੈ।

ਬਾਇਡਨ ਨੇ ਅਪਣੀ ਚੋਣ ਮੁਹਿੰਮ ਵਿਚ ਕਿਹਾ ਹੈ ਕਿ ਉਹ ਅਪਣੇ ਸ਼ਾਸਨ ਦੇ ਪਹਿਲੇ 100 ਦਿਨਾਂ ਵਿਚ ਟਰੰਪ ਦੀਆਂ ਕਈ ਇਮੇਗ੍ਰੇਸ਼ਨ ਨੀਤੀਆਂ ਨੂੰ ਰੱਦ ਕਰਨਗੇ, ਇਨ੍ਹਾਂ ਵਿਚ ਸ਼ਰਣ ਚਾਹੁਣ ਵਾਲਿਆਂ ’ਤੇ ਪਾਬੰਦੀਆਂ ਵੀ ਸ਼ਾਮਲ ਹਨ।