1958 'ਚ ਚੀਨ ਕੋਲੋਂ ਹੋਈ ਸੀ ਇਤਿਹਾਸ ਦੀ ਸਭ ਤੋਂ ਵੱਡੀ ਗ਼ਲਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੌਤ ਦਾ ਨਿਵਾਲਾ ਬਣ ਗਏ ਸਨ ਢਾਈ ਕਰੋੜ ਤੋਂ ਜ਼ਿਆਦਾ ਲੋਕ!

File

ਅੱਜ ਦੁਨੀਆ ਭਰ ਵਿਚ ਕੋਰੋਨਾ ਨੇ ਅਪਣੀ ਦਹਿਸ਼ਤ ਫੈਲਾਈ ਹੋਈ ਹੈ, ਪਰ ਅੱਜ ਅਸੀਂ ਤੁਹਾਨੂੰ ਇਨਸਾਨ ਦੀ ਇਕ ਅਜਿਹੀ ਇਤਿਹਾਸਕ ਗ਼ਲਤੀ ਤੋਂ ਜਾਣੂ ਕਰਵਾਵਾਂਗੇ, ਜਿਸ ਨੇ ਹਜ਼ਾਰਾਂ ਲੱਖਾਂ ਨਹੀਂ ਬਲਕਿ ਢਾਈ ਕਰੋੜ ਦੇ ਕਰੀਬ ਲੋਕਾਂ ਦੀ ਜਾਨ ਲੈ ਲਈ ਸੀ। ਮਨੁੱਖ ਵੱਲੋਂ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਕਿੰਨਾ ਭਿਆਨਕ ਹੋ ਸਕਦਾ ਹੈ, ਇਸ ਦਾ ਨਤੀਜਾ ਸਾਨੂੰ ਚੀਨ ਵਿਚ ਦੇਖਣ ਨੂੰ ਮਿਲਿਆ ਸੀ। ਦਰਅਸਲ ਅਸੀਂ ਗੱਲ ਕਰ ਰਹੇ ਹਾਂ 1958 ਵਿਚ ਚੀਨ ਵੱਲੋਂ ਛੇੜੀ ਗਈ ਇਕ ਕੁਰਦਤ ਵਿਰੋਧੀ ਮੁਹਿੰਮ ਦੀ, ਜਿਸ ਨੂੰ 'ਦਿ ਗ੍ਰੇਟ ਸਪੈਰੋ ਕੰਪੇਨ' ਦਾ ਨਾਂਅ ਦਿੱਤਾ ਗਿਆ ਸੀ, ਜਿਸ ਨੂੰ ਮੁੱਖ ਤੌਰ 'ਤੇ ਚਾਰ ਕੀਟ ਮੁਹਿੰਮ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਸੀ ਚੀਨ ਵੱਲੋਂ ਛੇੜੀ ਗਈ ਇਹ ਮੁਹਿੰਮ ਅਤੇ ਕਿਵੇਂ ਬਣੀ ਸੀ ਇਹ ਢਾਈ ਕਰੋੜ ਲੋਕਾਂ ਦਾ ਕਾਲ਼?

ਚੀਨ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਸੰਨ 1958 ਵਿਚ ਕੀਤੀ ਗਈ ਸੀ। ਇਹ ਉਹੀ ਸਾਲ ਸੀ ਜਦੋਂ ਚੀਨ ਦੇ ਪੀਪਲਜ਼ ਰਿਪਬਲਿਕ ਦੇ ਸੰਸਥਾਪਕ ਮਾਓ ਜੇਡੋਂਗ ਨੇ ਫ਼ੈਸਲਾ ਕੀਤਾ ਕਿ ਚੀਨ ਦੀ ਖੇਤੀ ਪ੍ਰਧਾਨ ਅਰਥਵਿਵਸਥਾ ਨੂੰ ਉੱਨਤ ਕਰਕੇ ਉਦਯੋਗਿਕ ਅਤੇ ਆਧੁਨਿਕ ਅਰਥਵਿਵਸਥਾ ਵਿਚ ਤਬਦੀਲ ਕੀਤਾ ਜਾਵੇ। ਮਾਓ ਜੇਡੋਂਗ ਨੂੰ ਮਾਓ ਸੇ ਤੁੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਉਹ ਚੀਨ ਨੂੰ ਇੰਗਲੈਂਡ ਅਤੇ ਅਮਰੀਕਾ ਤੋਂ ਵੀ ਵੱਡੀ ਅਰਥਵਿਵਸਥਾ ਬਣਾਉਣਾ ਚਾਹੁੰਦੇ ਸਨ।  ਉਸ ਸਮੇਂ ਪਹਿਲੇ ਨੰਬਰ 'ਤੇ ਇੰਗਲੈਂਡ ਸੀ ਅਤੇ ਦੂਜੇ ਨੰਬਰ 'ਤੇ ਅਮਰੀਕਾ ਦੀ ਅਰਥਵਿਵਸਥਾ ਦਾ ਨਾਮ ਆਉਂਦਾ ਸੀ। ਮਾਓ ਸੇ ਤੁੰਗ ਨੇ ਚੀਨ ਨੂੰ ਇਨ੍ਹਾਂ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ 1958 ਤੋਂ ਸ਼ੁਰੂ ਕਰਕੇ ਅਗਲੇ 15 ਸਾਲ ਦਾ ਟੀਚਾ ਮਿਥਿਆ।

ਇਸ ਦੇ ਲਈ ਚੀਨ ਵਿਚ 'ਦਿ ਗ੍ਰੇਟ ਲੀਪ ਫਾਰਵਰਡ' ਯਾਨੀ 'ਅੱਗੇ ਵੱਲ ਇਕ ਵੱਡੀ ਛਲਾਂਗ' ਨਾਂਅ ਦਾ ਇਕ ਵਿਸ਼ੇਸ਼ ਅੰਦੋਲਨ ਸ਼ੁਰੂ ਕੀਤਾ ਗਿਆ ਪਰ ਇਹ ਅੰਦੋਲਨ ਚੀਨ ਦੇ ਅਧਿਆਏ ਦਾ ਕਾਲਾ ਦੌਰ ਸਾਬਤ ਹੋਇਆ, ਜਿਸ ਨੇ ਕਰੋੜਾਂ ਲੋਕਾਂ ਨੂੰ ਭੁੱਖ ਨਾਲ ਮਰਨ ਲਈ ਮਜਬੂਰ ਕਰ ਦਿੱਤਾ ਸੀ। ਦਰਅਸਲ ਚੀਨ ਸਰਕਾਰ ਨੇ ਖੇਤੀ ਵਿਚ ਪੈਦਾਵਾਰ ਵਧਾਉਣ ਲਈ ਨਵੀਂਆਂ ਨੀਤੀਆਂ ਬਣਾਈਆਂ, ਜਿਸ ਤਹਿਤ ਫਿਰ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦਾ ਨਾਂਅ ਸੀ 'ਚਾਰ ਕੀਟ ਅਭਿਆਨ' ਅਤੇ ਇਹ ਚਾਰ ਕੀਟ ਸਨ ਚਿੜੀਆਂ, ਚੂਹੇ, ਮੱਖੀਆਂ ਅਤੇ ਮੱਛਰ। ਮਾਓ ਨੇ ਕਿਹਾ ਕਿ ਇਹ ਚਾਰੇ ਕੀਟ ਮਨੁੱਖ ਦੇ ਦੁਸ਼ਮਣ ਨੇ, ਇਨ੍ਹਾਂ ਸਾਰਿਆਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਚੀਨੀ ਵਿਗਿਆਨੀਆਂ ਦਾ ਕਹਿਣਾ ਸੀ ਕਿ ਹਰੇਕ ਚਿੜੀ ਇਕ ਸਾਲ ਵਿਚ ਕਰੀਬ ਸਾਢੇ 4 ਕਿਲੋ ਅਨਾਜ ਖਾ ਜਾਂਦੀ ਹੈ

ਅਤੇ ਫ਼ਲਾਂ ਸਬਜ਼ੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਸਾਰੀਆਂ ਚਿੜੀਆਂ ਨੂੰ ਮਾਰ ਦਿੱਤਾ ਜਾਵੇ ਤਾਂ ਅਨਾਜ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ ਅਤੇ ਵਧੇ ਹੋਏ ਅਨਾਜ ਨੂੰ ਵਿਦੇਸ਼ਾਂ ਵਿਚ ਵੇਚਿਆ ਜਾ ਸਕਦਾ ਹੈ। ਇਸੇ ਸਮੱਸਿਆ ਦਾ ਹੱਲ ਕਰਨ ਲਈ ਸ਼ੁਰੂ ਕੀਤਾ ਗਿਆ 'ਦਿ ਗ੍ਰੇਟ ਸਪੈਰੋ ਅਭਿਆਨ' ਪਰ ਇਹ ਕੋਈ ਅਭਿਆਨ ਨਹੀਂ ਬਲਕਿ ਇਨ੍ਹਾਂ ਚਾਰ ਕੀਟਾਂ ਦੇ ਵਿਰੁੱਧ ਯੁੱਧ ਸੀ। ਜਿਸ ਦੇ ਲਈ ਆਮ ਲੋਕਾਂ ਤੋਂ ਲੈ ਕੇ ਫ਼ੌਜ ਤਕ ਦੀ ਵਰਤੋਂ ਕੀਤੀ ਗਈ ਅਤੇ ਇਸ ਅਭਿਆਨ ਦਾ ਸਭ ਤੋਂ ਜ਼ਿਆਦਾ ਨਿਸ਼ਾਨਾ ਬਣੀਆਂ ਵਿਚਾਰੀਆਂ ਚਿੜੀਆਂ। ਚਿੜੀਆਂ ਨੂੰ ਮਾਰਨ ਲਈ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਕੱਠੇ ਕੀਤਾ ਗਿਆ। ਚਿੜੀਆਂ ਨੂੰ ਮਾਰਨ ਲਈ ਵਿਸ਼ੇਸ਼ ਟਾਸਕ ਫੋਰਸ ਤਕ ਬਣਾਈ ਗਈ। ਪੂਰੇ ਚੀਨ ਵਿਚ ਇਹ ਅਭਿਆਨ ਬਹੁਤ ਜ਼ੋਰ ਸ਼ੋਰ ਨਾਲ ਸ਼ੁਰੂ ਹੋਇਆ। ਇਸ ਅਭਿਆਨ ਦੌਰਾਨ 'ਚਿੜੀਆਂ ਨੂੰ ਮਿਟਾਉਣਾ ਹੈ, ਚੀਨ ਨੂੰ ਚਮਕਾਉਣਾ ਹੈ' ਦਾ ਨਾਅਰਾ ਵੀ ਦਿੱਤਾ ਗਿਆ।

ਚੀਨੀ ਲੋਕ ਚਿੜੀਆਂ ਨੂੰ ਡਰਾਉਣ ਲਈ ਢੋਲ, ਥਾਲੀਆਂ, ਪੀਪੇ ਖੜਕਾਉਂਦੇ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਤਾਂ ਜੋ ਉਹ ਜ਼ਮੀਨ 'ਤੇ ਨਾ ਬੈਠ ਸਕਣ। ਡਰਦੀਆਂ ਮਾਰੀਆਂ ਚਿੜੀਆਂ ਅਸਮਾਨ ਵਿਚ ਉਡਦੀਆਂ ਰਹਿੰਦੀਆਂ। ਲੋਕ ਉਦੋਂ ਤਕ ਚਿੜੀਆਂ ਨੂੰ ਡਰਾਉਂਦੇ ਰਹਿੰਦੇ ਜਦੋਂ ਤਕ ਉਹ ਥੱਕ ਕੇ ਹੇਠਾਂ ਨਾ ਡਿੱਗ ਜਾਂਦੀਆਂ। ਹੇਠਾਂ ਡਿੱਗਦੀ ਸਾਰ ਹੀ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਸੀ। ਚੀਨੀ ਲੋਕਾਂ ਨੇ ਚਿੜੀਆਂ ਦੇ ਆਲ੍ਹਣੇ ਤਬਾਹ ਕਰ ਦਿੱਤੇ, ਆਂਡੇ ਭੰਨ ਦਿੱਤੇ। ਇਸ ਅਭਿਆਨ ਨੇ ਇੰਨੀ ਤੇਜ਼ੀ ਫੜੀ ਕਿ ਇਸ ਦੇ ਪਹਿਲੇ ਹੀ ਦਿਨ ਦੇਸ਼ ਵਿਚ 2 ਲੱਖ ਤੋਂ ਜ਼ਿਆਦਾ ਚਿੜੀਆਂ ਮਾਰ ਦਿੱਤੀਆਂ ਗਈਆਂ ਸਨ। ਚੀਨੀ ਲੋਕ ਮਰੀਆਂ ਹੋਈਆਂ ਚਿੜੀਆਂ ਨੂੰ ਧਾਗੇ ਵਿਚ ਪਿਰੋ ਕੇ ਉਨ੍ਹਾਂ ਦੀ ਮਾਲਾ ਬਣਾਉਂਦੇ ਤੇ ਖ਼ੁਸ਼ੀ ਮਨਾਉਂਦੇ। ਦਰਅਸਲ ਚੀਨੀ ਲੋਕਾਂ ਦੇ ਸਿਰ 'ਤੇ ਚਿੜੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦਾ ਪਾਗਲਪਣ ਸਵਾਰ ਹੋ ਗਿਆ ਸੀ। ਹੋਰ ਤਾਂ ਹੋਰ ਲੋਕਾਂ ਨੇ ਚਿੜੀਆਂ ਦੇ ਨਾਲ ਹੋਰ ਪੰਛੀਆਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ ਸੀ।

ਇਸ ਕੁਦਰਤ ਵਿਰੋਧੀ ਮੁਹਿੰਮ ਦੇ ਚਲਦਿਆਂ 2 ਸਾਲ ਦੇ ਅੰਦਰ ਹੀ ਚੀਨ ਵਿਚੋਂ ਚਿੜੀਆਂ ਦੀ ਪ੍ਰਜਾਤੀ ਲਗਭਗ ਖ਼ਤਮ ਹੋ ਗਈ। ਚੀਨੀਆਂ ਨੂੰ ਅਪਣੇ ਇਸ ਅਭਿਆਨ ਵਿਚ ਤਾਂ ਸਫ਼ਲਤਾ ਮਿਲ ਗਈ ਸੀ ਪਰ ਇਸ ਦੇ ਨਾਲ ਹੀ ਚੀਨ ਵਿਚ ਕੁਦਰਤੀ ਸੰਤੁਲਨ ਵਿਗੜਨਾ ਸ਼ੁਰੂ ਹੋ ਗਿਆ ਕਿਉਂਕਿ ਚਿੜੀਆਂ ਸਿਰਫ਼ ਅਨਾਜ ਹੀ ਨਹੀਂ ਖਾਂਦੀਆਂ ਬਲਕਿ ਉਹ ਫ਼ਸਲਾਂ ਵਿਚੋਂ ਕੀੜੇ ਮਕੌੜਿਆਂ ਨੂੰ ਵੀ ਖਾਂਦੀਆਂ ਨੇ। ਚਿੜੀਆਂ ਦੇ ਖ਼ਤਮ ਹੁੰਦਿਆਂ ਹੀ ਚੀਨ ਵਿਚ ਦੂਜੇ ਕੀੜੇ ਮਕੌੜਿਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਸਭ ਤੋਂ ਜ਼ਿਆਦਾ ਟਿੱਡੀਆਂ ਦੀ ਗਿਣਤੀ ਵਧੀ, ਜਿਸ ਨੇ ਫ਼ਸਲਾਂ 'ਤੇ ਅਜਿਹਾ ਹਮਲਾ ਕੀਤਾ ਕਿ ਸਾਰੀਆਂ ਫ਼ਸਲਾਂ ਚੱਟ ਕਰਕੇ ਰੱਖ ਦਿੱਤੀਆਂ। ਚੀਨੀ ਲੋਕਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਟਿੱਡੀਆਂ ਨੂੰ ਰੋਕਣ ਲਈ ਕੀ ਕਰਨ? ਟਿੱਡੀਆਂ 'ਤੇ ਸਭ ਕੁੱਝ ਬੇਅਸਰ ਸਾਬਤ ਹੋ ਰਿਹਾ ਸੀ।

ਜਦੋਂ ਚੀਨ ਨੂੰ ਹਕੀਕਤ ਸਮਝ ਆਈ ਤਾਂ ਉਸ ਨੇ ਚਿੜੀਆਂ ਮਾਰਨ ਦਾ ਅਭਿਆਨ ਬੰਦ ਕਰ ਦਿੱਤਾ ਪਰ ਉਦੋਂ ਤਕ ਕਾਫ਼ੀ ਦੇਰ ਹੋ ਚੁੱਕੀ ਸੀ। ਚੀਨ ਵਿਚ ਅਨਾਜ ਦੀ ਪੈਦਾਵਾਰ ਘੱਟ ਹੋਣ ਨਾਲ ਅਕਾਲ ਪੈ ਗਿਆ ਅਤੇ ਲੋਕ ਭੁੱਖਮਰੀ ਨਾਲ ਮਰਨੇ ਸ਼ੁਰੂ ਹੋ ਗਏ, ਮਰਨ ਵਾਲਿਆਂ ਦੀ ਗਿਣਤੀ ਵਧਦੀ ਵਧਦੀ ਢਾਈ ਕਰੋੜ ਤਕ ਪਹੁੰਚ ਗਈ। ਭਾਵੇਂ ਕਿ ਚੀਨ ਸਰਕਾਰ ਵੱਲੋਂ ਇਸ ਨੂੰ ਕੁਦਰਤੀ ਆਫ਼ਤ ਦਾ ਨਾਂਅ ਦਿੱਤਾ ਗਿਆ ਸੀ ਪਰ ਅਸਲ ਵਿਚ ਇਹ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਗਈ ਛੇੜਛਾੜ ਦਾ ਨਤੀਜਾ ਸੀ ਜੋ ਕਰੋੜਾਂ ਲੋਕਾਂ ਦੀ ਮੌਤ ਦਾ ਕਾਰਨ ਬਣਿਆ। ਅੱਜ ਜੋ ਇਕ ਤੋਂ ਬਾਅਦ ਇਕ ਭਿਆਨਕ ਮਹਾਂਮਾਰੀਆਂ ਵਿਸ਼ਵ ਭਰ ਵਿਚ ਫੈਲ ਰਹੀਆਂ ਨੇ, ਇਹ ਵੀ ਮਨੁੱਖ ਵੱਲੋਂ ਖ਼ੁਦ ਹੀ ਸਹੇੜੀਆਂ ਹੋਈਆਂ ਮੁਸੀਬਤਾਂ ਹਨ। ਸੋ ਸਾਨੂੰ ਇਤਿਹਾਸ ਦੀਆਂ ਗ਼ਲਤੀਆਂ ਤੋਂ ਸਬਕ ਲੈਣ ਦੀ ਲੋੜ ਹੈ ਕਿਉਂਕਿ ਜੇਕਰ ਅੱਜ ਅਸੀਂ ਇਨ੍ਹਾਂ ਗ਼ਲਤੀਆਂ ਤੋਂ ਸਬਕ ਨਾ ਲਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੂਰੀ ਦੁਨੀਆਂ ਮਨੁੱਖ ਵੱਲੋਂ ਕੀਤੀਆਂ ਗ਼ਲਤੀਆਂ ਦਾ ਨਤੀਜਾ ਭੁਗਤੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।