ਪਾਕਿ ਦੇ ਮਿਲਟਰੀ ਹਸਪਤਾਲ ’ਚ ਜ਼ੋਰਦਾਰ ਧਮਾਕਾ, 10 ਲੋਕ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸੇ ਹਸਪਤਾਲ ਮਸੂਦ ਅਜ਼ਹਰ ਦਾ ਚੱਲ ਰਿਹੈ ਇਲਾਜ

Blast in Pakistan's Military Hospital

ਇਸਲਾਮਾਬਾਦ: ਪਾਕਿਸਤਾਨ ਦੇ ਰਾਵਲਪਿੰਡੀ ਵਿਖੇ ਸਥਿਤ ਇਕ ਮਿਲਟਰੀ ਹਸਪਤਾਲ ’ਚ ਐਤਵਾਰ ਸ਼ਾਮ ਨੂੰ ਜ਼ੋਰਦਾਰ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਧਮਾਕੇ ’ਚ 10 ਲੋਕਾਂ ਦੇ ਜ਼ਖ਼ਮੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਪਾਕਿਸਤਾਨੀ ਫ਼ੌਜ ਵਲੋਂ ਪੂਰੇ ਇਲਾਕੇ ’ਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਮੀਡੀਆ ਨੂੰ ਵੀ ਇਸ ਘਟਨਾ ਨੂੰ ਕਵਰ ਕਰਨ ਤੋਂ ਰੋਕ ਦਿਤਾ ਗਿਆ ਹੈ। ਫ਼ਿਲਹਾਲ ਧਮਾਕੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਮਿਲੀ ਹੈ। ਪਾਕਿਸਤਾਨੀ ਟਵਿੱਟਰ ਯੂਜ਼ਰਸ ਵਲੋਂ ਇਸ ਘਟਨਾ ਦੀ ਜਾਣਕਾਰੀ ਦਿਤੀ ਗਈ ਹੈ।

ਇਕ ਟਵਿੱਟਰ ਯੂਜ਼ਰ ਅਹਿਸਾਨ ਉੱਲਾ ਮੀਆਂਖਲੀ ਨੇ ਟਵੀਟ ਕਰ ਕੇ ਦੱਸਿਆ ਕਿ ਰਾਵਲਪਿੰਡੀ ਵਿਚ ਮਿਲਟਰੀ ਹਸਪਤਾਲ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿਚ 10 ਲੋਕ ਜ਼ਖ਼ਮੀ ਹੋਏ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਐਮਰਜੈਂਸੀ ਵਿਚ ਸ਼ਿਫ਼ਟ ਕਰ ਦਿਤਾ ਗਿਆ ਹੈ। ਇਸੇ ਹਸਪਤਾਲ ਵਿਚ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਮੀਆਂਖਲੀ ਨੇ ਦੋਸ਼ ਲਗਾਇਆ ਹੈ ਕਿ ਫ਼ੌਜ ਨੇ ਮੀਡੀਆ ਨੂੰ ਇਸ ਇਲਾਕੇ ਵਿਚ ਪਾਬੰਦੀਸ਼ੁਦਾ ਕਰ ਦਿਤਾ ਹੈ। ਉਨ੍ਹਾਂ ਮੁਤਾਬਕ ਫ਼ੌਜ ਨਹੀਂ ਚਾਹੁੰਦੀ ਕਿ ਇਸ ਘਟਨਾ ਦੀ ਕਵਰੇਜ ਹੋ ਸਕੇ।

ਇਕ ਹੋਰ ਟਵਿੱਟਰ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਇਕ ਹਮਲਾ ਹੈ। ਧਮਾਕੇ ਤੋਂ ਬਾਅਦ ਜਿਹੜੇ ਵੀਡੀਓ ਸ਼ੇਅਰ ਕੀਤੇ ਗਏ ਹਨ ਉਨ੍ਹਾਂ ਨਾਲ ਘਟਨਾ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।