'ਵੂਮੈਨ ਕੇਅਰ ਟ੍ਰਸਟ' ਨੇ ਫ਼ਿਲਮ 'ਅਰਦਾਸ ਕਰਾਂ' ਦਾ ਸਪੈਸ਼ਲ ਸ਼ੋਅ ਵਿਖਾ ਕੇ ਬੀਬੀਆਂ ਦੀ ਵਾਹ-ਵਾਹ ਖੱਟੀ
ਸਵ. ਹਰਦੇਸ਼ ਸਿੰਘ ਢੇਲ ਦੇ ਸਤਿਕਾਰਯੋਗ ਪਿਤਾ ਸ. ਸੋਹਣ ਸਿੰਘ ਢੇਲ ਅਤੇ ਮਾਤਾ ਬਲਬੀਰ ਕੌਰ ਵੀ ਖਾਸ ਤੌਰ 'ਤੇ ਪਹੁੰਚੇ ਹੋਏ ਸਨ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): 'ਵੂਮੈਨ ਕੇਅਰ ਟ੍ਰਸਟ' ਜਿਥੇ ਨਿਊਜ਼ੀਲੈਂਡ ਵਸਦੀਆਂ ਭਾਰਤੀ ਖਾਸ ਕਰ ਪੰਜਾਬੀ ਬੀਬੀਆਂ ਦੇ ਲਈ ਮਨੋਰੰਜਕ, ਸਿਖਿਆਦਾਇਕ ਅਤੇ ਸੈਰ ਸਪਾਟੇ ਦੀ ਸਾਰੀ ਜਿੰਮੇਵਾਰੀ ਚੁੱਕੀ ਫਿਰਦਾ ਹੈ, ਨੇ ਉਥੇ ਅੱਜ ਇਕ ਵਾਰ ਫਿਰ ਲੱਗਭਗ 200 ਬੀਬੀਆਂ ਦੀ ਵਾਹ-ਵਾਹ ਖੱਟ ਲਈ। ‘
ਟ੍ਰਸਟ ਮੈਂਬਰ ਤੇ ਕਮਿਊਨਿਟੀ ਡਿਵੈਲਪਮੈਂਟ ਮੈਨੇਜਰ ਬਲਜੀਤ ਕੌਰ ਢੇਲ, ਕਮਿਊਨਿਟੀ ਡਿਵੈਲਪਮੈਂਟ ਮੈਨੇਜਰ ਅਤੇ ਯੋਗਾ ਅਧਿਆਪਕਾ ਪਰਮਜੀਤ ਕੌਰ (ਸੋਨੀ ਢੇਲ) ਅੱਜ ਹੋਇਟਸ ਸਿਨੇਮਾ ਵਿਖੇ ਦੁਪਹਿਰ 12 ਵਜੇ ਦਾ ਵਿਸ਼ੇਸ਼ ਸ਼ੋਅ ਫ਼ਿਲਮ 'ਅਰਦਾਸ ਕਰਾਂ' ਲਈ ਬੁੱਕ ਕਰਵਾਇਆ ਸੀ।
ਇਹ ਸ਼ੋਅ ਢੇਲ ਪਰਵਾਰ ਨੇ ਅਪਣੇ ਇਕ ਬਹੁਤ ਹੀ ਪਿਆਰੇ ਪਰਵਾਰਕ ਮੈਂਬਰ ਹਰਦੇਸ਼ ਸਿੰਘ ਢੇਲ ਜਿਨ੍ਹਾਂ ਨੇ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਹੋਣ ਦੇ ਬਾਵਜੂਦ ਜ਼ਿੰਦਾਦਿਲ ਜ਼ਿੰਦਗੀ ਜੀਵੀ ਸੀ ਅਤੇ ਉਹ ਬੀਤੀ 8 ਫ਼ਰਵਰੀ ਨੂੰ ਇਸ ਜ਼ਹਾਨ ਨੂੰ ਅਲਵਿਦਾ ਕਹਿ ਗਏ ਸਨ, ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ। ਫਿਲਮ 'ਅਰਦਾਸ ਕਰਾਂ' ਦੇ ਵਿਚ ਗੁਰਪ੍ਰੀਤ ਸਿੰਘ ਘੁੱਗੀ ਦਾ ਜਾਦੂ ਭਰਿਆ 'ਮੈਜ਼ਿਕ ਸਿੰਘ' ਵਾਲੇ ਰੋਲ ਨੇ ਇਸ ਪਰਵਾਰ ਨੂੰ ਅਜਿਹਾ ਟੁੰਬਿਆ ਕਿ ਪੁੱਤਰ ਦੀਆਂ ਰਲਦੀਆਂ-ਮਿਲਦੀਆਂ ਯਾਦਾਂ ਨੂੰ ਵੂਮੈਨ ਕੇਅਰ ਟ੍ਰਸਟ ਦੇ ਸਾਰੇ ਮੈਂਬਰਾਂ ਦੇ ਨਾਲ ਵੇਖ ਕੇ ਜ਼ਿੰਦਾਦਿਲੀ ਨੂੰ ਮੁੜ ਸੁਰਜੀਤ ਕੀਤਾ।
ਸਵ. ਹਰਦੇਸ਼ ਸਿੰਘ ਢੇਲ ਦੇ ਸਤਿਕਾਰਯੋਗ ਪਿਤਾ ਸ. ਸੋਹਣ ਸਿੰਘ ਢੇਲ ਅਤੇ ਮਾਤਾ ਬਲਬੀਰ ਕੌਰ ਵੀ ਖਾਸ ਤੌਰ 'ਤੇ ਪਹੁੰਚੇ ਹੋਏ ਸਨ। ਕਲਾਕਾਰ ਮਲਕੀਤ ਸਿੰਘ ਰੌਣੀ ਦੀ ਪ੍ਰਵਾਸੀ ਜ਼ਿੰਦਗੀ ਦੀ ਮਿੱਠੀ ਜੇਲ ਅਤੇ ਜੇਲ ਤੋਂ ਬਾਹਰ ਕੁਦਰਤ ਦੇ ਨਜ਼ਾਰਿਆਂ ਨੇ ਜ਼ਿੰਦਗੀ ਦੇ ਅਰਥ ਬਦਲਣ ਦਾ ਫਾਰਮੂਲਾ ਦਿਤਾ। ਰਾਣਾ ਜੰਗ ਬਹਾਦਰ ਦੇ ਮੁਸਲਮਾਨ ਰੋਲ ਅਤੇ ਗੁਰਦੁਆਰਾ ਸਾਹਿਬ ਅੰਦਰ ਮਿਲੇ ਮਾਨ-ਸਨਮਾਨ ਨੇ ਹਿੰਦੂ-ਸਿੱਖ-ਮੁਸਲਿਮ ਭਾਈਚਾਰੇ ਦੀ ਸਦਾਚਾਰਕ ਸਾਂਝ ਵਿਖਾਈ। ਸਾਰੇ ਦਰਸ਼ਕਾਂ ਨੇ ਫੋਰਮ ਫਿਲਮ ਨਿਊਜ਼ੀਲੈਂਡ ਅਤੇ ਵੋਮੈਨ ਕੇਅਰ ਟ੍ਰਸਟ ਦੇ ਸਾਰੇ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।