ਸਾਊਦੀ ਅਰਬ 'ਚ ਬੱਦਲ ਫ਼ਟੇ, ਸਕੂਲ ਵੀ ਬੰਦ ਤੇ ਮੱਕਾ ਨੂੰ ਜਾਂਦੀ ਸੜਕ ਵੀ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰੀ ਮੀਂਹ ਕਾਰਨ ਉਡਾਣਾਂ ਵਿੱਚ ਵੀ ਦੇਰੀ ਹੋਈ

Image

 

ਜੇਦਾਹ - ਸਾਊਦੀ ਅਰਬ ਦੇ ਤੱਟਵਰਤੀ ਸ਼ਹਿਰ ਜੇਦਾਹ ਵਿੱਚ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਉਡਾਣਾਂ ਵਿੱਚ ਵੀ ਦੇਰੀ ਹੋਈ, ਸਕੂਲ ਵੀ ਬੰਦ ਕਰਨ ਦੀ ਲੋੜ ਪਈ, ਅਤੇ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰ ਮੱਕਾ ਨੂੰ ਜਾਣ ਵਾਲੀ ਸੜਕ 'ਤੇ ਵੀ ਆਵਾਜਾਈ ਰੋਕ ਦਿੱਤੀ ਗਈ। ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਪੋਸਟਾਂ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਲੱਗੇ ਟ੍ਰੈਫਿਕ ਜਾਮ ਅਤੇ ਅੰਸ਼ਕ ਤੌਰ 'ਤੇ ਡੁੱਬੇ ਕੁਝ ਵਾਹਨ ਦਿਖਾਈ ਦਿੱਤੇ। 

ਸ਼ਹਿਰ ਦੇ ਕਿੰਗ ਅਬਦੁਲਅਜ਼ੀਜ਼ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਸਭ ਤੋਂ ਤਾਜ਼ਾ ਸਮਾਂ-ਸਾਰਣੀ ਲਈ ਏਅਰਲਾਈਨਾਂ ਨਾਲ ਸੰਪਰਕ ਕਰਨ, ਅਤੇ ਇਹ ਜਾਣਕਾਰੀ ਦਿੱਤੀ ਕਿ ਨਾਜ਼ੁਕ ਮੌਸਮ ਕਾਰਨ ਕੁਝ ਉਡਾਣਾਂ ਵਿੱਚ ਦੇਰੀ ਹੋਈ ਹੈ।

ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਨੇੜਲੇ ਕਸਬੇ ਰਬੀਗ ਅਤੇ ਖੁੱਲੇਸ ਵਿੱਚ ਸਕੂਲ ਵੀ ਬੰਦ ਕਰ ਦਿੱਤੇ ਗਏ ਸਨ।

ਇਸ ਸਮੇਂ ਸਾਊਦੀ ਅਰਬ 'ਚ ਅੰਤਿਮ ਪ੍ਰੀਖਿਆਵਾਂ ਹੋ ਰਹੀਆਂ ਹਨ, ਪਰ ਵਿਸ਼ਵ ਕੱਪ ਵਿੱਚ ਅਰਜਨਟੀਨਾ ਉੱਤੇ ਸਾਊਦੀ ਅਰਬ ਦੀ ਹੈਰਾਨਕੁਨ ਜਿੱਤ ਨੂੰ ਮੁੱਖ ਰੱਖਦੇ ਹੋਏ, ਸ਼ਾਸਕ ਸਲਮਾਨ ਨੇ ਬੁੱਧਵਾਰ ਦੀ ਛੁੱਟੀ ਦਾ ਐਲਾਨ ਕਰ ਦਿੱਤਾ। ਇਸ ਬਾਰੇ 'ਚ ਬਾਕਾਇਦਾ ਇੱਕ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ।

ਇਸੇ ਸ਼ਹਿਰ ਵਿੱਚ 2009 ਤੇ 2010 ਵਿੱਚ ਆਏ ਹੜ੍ਹਾਂ 'ਚ ਸੈਂਕੜੇ ਲੋਕਾਂ ਦੀਆਂ ਜਾਨਾਂ ਗਈਆਂ ਸੀ, ਅਤੇ ਮਾਲੀ ਨੁਕਸਾਨ ਵੀ ਹੋਇਆ ਸੀ।