Israel Hamas War : ਇਜ਼ਰਾਈਲ ਅਤੇ ਹਮਾਸ ਵਿਚਕਾਰ ਚਾਰ ਦਿਨਾਂ ਦੀ ਜੰਗਬੰਦੀ ਲਾਗੂ, ਇਜ਼ਰਾਈਲ ਨੇ ਜੰਗਬੰਦੀ ਵਧਾਉਣ ਲਈ ਰੱਖੀ ਇਹ ਸ਼ਰਤ
ਬੰਧਕ ਦੀ ਰਿਹਾਈ ਲਈ ਮੰਚ ਤਿਆਰ, ਦੋਵੇਂ ਧਿਰਾਂ ਪਹਿਲਾਂ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰਨਗੀਆਂ
Israel Hamas War : ਇਜ਼ਰਾਈਲ ਅਤੇ ਹਮਾਸ ਦਰਮਿਆਨ ਹੋਏ ਸਮਝੌਤੇ ਤਹਿਤ ਚਾਰ ਦਿਨਾਂ ਦੀ ਜੰਗਬੰਦੀ ਸ਼ੁਕਰਵਾਰ ਸਵੇਰ ਤੋਂ ਲਾਗੂ ਹੋ ਗਈ ਅਤੇ ਇਸ ਦੇ ਨਾਲ ਇਜ਼ਰਾਈਲ ਵਿਚ ਕੈਦ ਫਲਸਤੀਨੀਆਂ ਅਤੇ ਗਾਜ਼ਾ ’ਚ ਅਤਿਵਾਦੀਆਂ ਵਲੋਂ ਬੰਧਕ ਬਣਾਏ ਗਏ ਦਰਜਨਾਂ ਲੋਕਾਂ ਦੀ ਅਦਲਾ-ਬਦਲੀ ਲਈ ਮੰਚ ਤਿਆਰ ਹੋ ਗਿਆ ਹੈ। ਇਸ ਕੂਟਨੀਤਕ ਸਫਲਤਾ ਨੇ ਗਾਜ਼ਾ ਦੇ 23 ਲੱਖ ਲੋਕਾਂ ਨੂੰ ਕੁਝ ਰਾਹਤ ਦਿਤੀ ਹੈ ਜਿਨ੍ਹਾਂ ਨੇ ਹਫ਼ਤਿਆਂ ਤਕ ਇਜ਼ਰਾਈਲੀ ਬੰਬਾਰੀ ਦਾ ਸਾਹਮਣਾ ਕੀਤਾ ਹੈ। ਇਹ ਇਜ਼ਰਾਈਲ ਦੇ ਉਨ੍ਹਾਂ ਪਰਿਵਾਰਾਂ ਲਈ ਵੀ ਰਾਹਤ ਦੀ ਖ਼ਬਰ ਹੈ ਜੋ 7 ਅਕਤੂਬਰ ਦੇ ਹਮਾਸ ਹਮਲੇ ਦੌਰਾਨ ਬੰਧਕ ਬਣਾਏ ਗਏ ਅਪਣੇ ਅਜ਼ੀਜ਼ਾਂ ਨੂੰ ਲੈ ਕੇ ਚਿੰਤਤ ਹਨ।
ਜੰਗ ਨੂੰ ਘੱਟੋ-ਘੱਟ ਚਾਰ ਦਿਨਾਂ ਲਈ ਰੋਕ ਦਿਤਾ ਗਿਆ ਹੈ ਅਤੇ ਇਹ ਜੰਗਬੰਦੀ ਸਵੇਰੇ 7 ਵਜੇ ਤੋਂ ਲਾਗੂ ਹੋਈ। ਗਾਜ਼ਾ ’ਤੇ ਸ਼ਾਸਨ ਕਰ ਰਹੇ ਹਮਾਸ ਸਮੂਹ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਅਚਾਨਕ ਹਮਲਾ ਕੀਤਾ ਸੀ ਅਤੇ ਇਸ ਦੌਰਾਨ ਲਗਭਗ 240 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਹਮਾਸ ਨੇ ਇਸ ਜੰਗਬੰਦੀ ਦੌਰਾਨ ਘੱਟੋ-ਘੱਟ 50 ਬੰਧਕਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਹੈ। ਹਮਾਸ ਨੇ ਕਿਹਾ ਕਿ ਇਜ਼ਰਾਈਲ 150 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਦੋਵੇਂ ਧਿਰਾਂ ਪਹਿਲਾਂ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰਨਗੀਆਂ। ਇਜ਼ਰਾਈਲ ਨੇ ਕਿਹਾ ਕਿ ਹਰ ਵਾਧੂ 10 ਬੰਧਕਾਂ ਦੀ ਰਿਹਾਈ ’ਤੇ ਜੰਗਬੰਦੀ ਨੂੰ ਇਕ ਹੋਰ ਦਿਨ ਵਧਾ ਦਿਤਾ ਜਾਵੇਗਾ।
ਇਹ ਸਮਝੌਤਾ ਕਤਰ, ਅਮਰੀਕਾ ਅਤੇ ਮਿਸਰ ਦੀ ਵਿਚੋਲਗੀ ’ਚ ਕਈ ਹਫ਼ਤਿਆਂ ਦੀ ਅਸਿੱਧੀ ਗੱਲਬਾਤ ਤੋਂ ਬਾਅਦ ਹੋਇਆ। ਜੇਕਰ ਇਹ ਸਮਝੌਤਾ ਸਫਲਤਾਪੂਰਵਕ ਲਾਗੂ ਹੋ ਜਾਂਦਾ ਹੈ, ਤਾਂ ਇਹ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ’ਚ ਇਕ ਮਹੱਤਵਪੂਰਨ ਰੋਕ ਹੋਵੇਗੀ। 7 ਅਕਤੂਬਰ ਨੂੰ ਹਮਾਸ ਵਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ 'ਚ ਕਰੀਬ 1200 ਲੋਕ ਮਾਰੇ ਗਏ ਸਨ। ਇਸ ਦੇ ਜਵਾਬ ’ਚ ਇਜ਼ਰਾਈਲ ਨੇ ਗਾਜ਼ਾ ਉੱਤੇ ਵੱਡੇ ਹਵਾਈ ਅਤੇ ਜ਼ਮੀਨੀ ਹਮਲੇ ਕੀਤੇ, ਜਿਸ ’ਚ ਘੱਟੋ-ਘੱਟ 13,300 ਫਲਸਤੀਨੀ ਮਾਰੇ ਗਏ।
ਜੰਗ ’ਚ ਹੁਣ ਤਕ 13 ਹਜ਼ਾਰ ਫ਼ਲਸਤੀਨੀਆਂ ਦੀ ਮੌਤ
ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਏ ਸਮਝੌਤੇ ਨੇ ਜੰਗ ਰੁਕਣ ਦੀ ਉਮੀਦ ਜਗਾਈ ਹੈ। ਇਸ ਸੱਤ ਹਫ਼ਤਿਆਂ ਦੀ ਜੰਗ ਨੇ ਇਜ਼ਰਾਈਲ ਅਤੇ ਗਾਜ਼ਾ ਦੋਹਾਂ ’ਚ ਭਾਰੀ ਤਬਾਹੀ ਮਚਾਈ ਹੈ ਅਤੇ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਹਨ। ਇਸ ਜੰਗ ਨਾਲ ਪੂਰੇ ਪਛਮੀ ਏਸ਼ੀਆ ’ਚ ਤਣਾਅ ਫੈਲਣ ਦੀ ਸੰਭਾਵਨਾ ਹੈ। ਇਜ਼ਰਾਈਲ ਨੇ ਉਮੀਦਾਂ ਦੇ ਉਲਟ ਕਿਹਾ ਕਿ ਉਹ ਜੰਗਬੰਦੀ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੱਡੇ ਪੱਧਰ ’ਤੇ ਲੜਾਈ ਮੁੜ ਸ਼ੁਰੂ ਕਰੇਗਾ। ਇਜ਼ਰਾਈਲ ਦੇ ਰਖਿਆ ਮੰਤਰੀ ਯੋਵ ਗੈਲੈਂਟ ਨੇ ਵੀਰਵਾਰ ਨੂੰ ਫ਼ੌਜੀਆਂ ਨੂੰ ਦਸਿਆ ਕਿ ਰਾਹਤ ਥੋੜ੍ਹੇ ਸਮੇਂ ਲਈ ਹੋਵੇਗੀ ਅਤੇ ਘੱਟੋ-ਘੱਟ ਦੋ ਹੋਰ ਮਹੀਨਿਆਂ ਲਈ ਪੂਰੀ ਤਾਕਤ ਨਾਲ ਮੁੜ ਸ਼ੁਰੂ ਹੋਵੇਗੀ।
ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜਿਦ ਅਲ-ਅੰਸਾਰੀ ਨੇ ਵੀਰਵਾਰ ਨੂੰ ਕਿਹਾ ਕਿ ਦੋਹਾਂ ਧਿਰਾਂ ਵਲੋਂ ਬੰਧਕਾਂ ਨੂੰ ਰਿਹਾਅ ਕਰਨ ਦੀ ਸੂਚੀ ਜਾਰੀ ਹੈ। ਉਸ ਨੇ ਕਿਹਾ ਕਿ ਹਮਾਸ ਵਲੋਂ ਬੰਧਕ ਬਣਾਏ ਗਏ 13 ਔਰਤਾਂ ਅਤੇ ਬੱਚਿਆਂ ਦੇ ਪਹਿਲੇ ਸਮੂਹ ਨੂੰ ਸ਼ੁਕਰਵਾਰ ਦੁਪਹਿਰ ਨੂੰ ਆਜ਼ਾਦ ਕਰ ਦਿਤਾ ਜਾਵੇਗਾ। ਰਿਹਾਅ ਕੀਤੇ ਗਏ ਹਰ ਇਜ਼ਰਾਈਲੀ ਬੰਧਕ ਲਈ, ਤਿੰਨ ਫਲਸਤੀਨੀਆਂ ਨੂੰ ਰਿਹਾ ਕੀਤਾ ਜਾਵੇਗਾ। ਇਜ਼ਰਾਈਲ ਦੇ ਨਿਆਂ ਮੰਤਰਾਲੇ ਨੇ ਰਿਹਾਈ ਲਈ ਯੋਗ 300 ਕੈਦੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ, ਜਿਸ ’ਚ ਮੁੱਖ ਤੌਰ ’ਤੇ ਪਿਛਲੇ ਸਾਲ ਪੱਥਰ ਸੁੱਟਣ ਅਤੇ ਹੋਰ ਮਾਮੂਲੀ ਅਪਰਾਧਾਂ ਲਈ ਨਜ਼ਰਬੰਦ ਕੀਤੇ ਗਏ ਨਾਬਾਲਗ ਸ਼ਾਮਲ ਹਨ।
ਅੰਸਾਰੀ ਨੇ ਕਿਹਾ ਕਿ ਗਾਜ਼ਾ ’ਚ ਫਲਸਤੀਨੀਆਂ ਲਈ ਸਹਾਇਤਾ ‘ਜਿੰਨੀ ਜਲਦੀ ਹੋ ਸਕੇ’ ਵਧਾਈ ਜਾਵੇਗੀ। ਹਮਾਸ ਦੇ ਸ਼ਾਸਨ ਵਾਲੇ ਗਾਜ਼ਾ ਵਿਚ ਸਿਹਤ ਮੰਤਰਾਲੇ ਨੇ ਕਿਹਾ ਕਿ ਉਸ ਨੇ ਇਜ਼ਰਾਈਲ-ਹਮਾਸ ਜੰਗ ’ਚ ਮਾਰੇ ਗਏ ਫਲਸਤੀਨੀਆਂ ਦੀ ਵਿਸਤ੍ਰਿਤ ਗਿਣਤੀ ਮੁੜ ਸ਼ੁਰੂ ਕੀਤੀ ਹੈ ਅਤੇ 13,300 ਤੋਂ ਵੱਧ ਮੌਤਾਂ ਦਰਜ ਕੀਤੀਆਂ ਹਨ। ਤਾਜ਼ਾ ਅੰਕੜੇ ਦੱਖਣ ਦੇ ਹਸਪਤਾਲਾਂ ਦੇ ਅਪਡੇਟ ਕੀਤੇ ਡੇਟਾ ਅਤੇ ਉੱਤਰ ਦੇ ਹਸਪਤਾਲਾਂ ਦੇ 11 ਨਵੰਬਰ ਦੇ ਅੰਕੜਿਆਂ ’ਤੇ ਅਧਾਰਤ ਹਨ। ਅਸਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਹੋਰ 6,000 ਲੋਕ ਲਾਪਤਾ ਹਨ ਅਤੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ।
(For more news apart from Israel Hamas War, stay tuned to Rozana Spokesman)