Indian Navy Officer Death Penalty Case: ਕਤਰ ਵਿਚ ਭਾਰਤੀ ਨੇਵੀ ਦੇ ਸਾਬਕਾ ਅਫ਼ਸਰਾਂ ਦੀ ਪਟੀਸ਼ਨ ਮਨਜ਼ੂਰ
ਮੌਤ ਦੀ ਸਜ਼ਾ 'ਤੇ ਜਲਦ ਹੋਵੇਗੀ ਸੁਣਵਾਈ
Indian Navy Officer Death Penalty Case : ਕਤਰ ਦੀ ਅਦਾਲਤ ਨੇ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀਆਂ ਦੀ ਪਟੀਸ਼ਨ ਸਵੀਕਾਰ ਕਰ ਲਈ ਹੈ। ਕਤਰ ਦੀ ਅਦਾਲਤ ਛੇਤੀ ਹੀ ਉਨ੍ਹਾਂ ਦੀ ਅਪੀਲ 'ਤੇ ਸੁਣਵਾਈ ਕਰ ਸਕਦੀ ਹੈ। ਦੱਸ ਦੇਈਏ ਕਿ ਇਨ੍ਹਾਂ ਅੱਠ ਸਾਬਕਾ ਜਲ ਸੈਨਾ ਅਧਿਕਾਰੀਆਂ ਨੂੰ ਕਤਰ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਭਾਰਤ ਸਰਕਾਰ ਨੇ ਅੱਠ ਸਾਬਕਾ ਜਲ ਸੈਨਾ ਅਧਿਕਾਰੀਆਂ ਦੀ ਮੌਤ ਦੀ ਸਜ਼ਾ ਵਿਰੁਧ ਇਹ ਪਟੀਸ਼ਨ ਦਾਇਰ ਕੀਤੀ ਹੈ। ਕਤਰ ਦੀ ਅਦਾਲਤ ਨੇ 23 ਨਵੰਬਰ 2023 ਨੂੰ ਇਸ ਨੂੰ ਸਵੀਕਾਰ ਕਰ ਲਿਆ ਅਤੇ ਹੁਣ ਅਪੀਲ ਦਾ ਅਧਿਐਨ ਕਰਕੇ ਜਲਦੀ ਹੀ ਇਸ 'ਤੇ ਸੁਣਵਾਈ ਸ਼ੁਰੂ ਕਰੇਗੀ।
ਜ਼ਿਕਰਯੋਗ ਹੈ ਕਿ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀ ਕਤਰ ਵਿਚ ਡੇਹਰਾ ਗਲੋਬਲ ਟੈਕਨਾਲੋਜੀ ਐਂਡ ਕੰਸਲਟੈਂਸੀ ਸਰਵਿਸਿਜ਼ ਨਾਮ ਦੀ ਕੰਪਨੀ ਲਈ ਕੰਮ ਕਰ ਰਹੇ ਸਨ। ਇਨ੍ਹਾਂ ਸਾਰਿਆਂ ਨੂੰ ਅਗਸਤ 2022 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕਤਰ ਦੀ ਸਰਕਾਰ ਨੇ ਸਾਬਕਾ ਜਲ ਸੈਨਾ ਅਧਿਕਾਰੀਆਂ 'ਤੇ ਲੱਗੇ ਦੋਸ਼ਾਂ ਦੀ ਜਾਣਕਾਰੀ ਨਹੀਂ ਦਿਤੀ ਹੈ। 26 ਅਕਤੂਬਰ 2023 ਨੂੰ ਕਤਰ ਦੀ ਅਦਾਲਤ ਨੇ ਇਨ੍ਹਾਂ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਕਤਰ ਸਰਕਾਰ ਨੇ ਅਜੇ ਤਕ ਅੱਠ ਭਾਰਤੀਆਂ 'ਤੇ ਲੱਗੇ ਦੋਸ਼ਾਂ ਨੂੰ ਜਨਤਕ ਨਹੀਂ ਕੀਤਾ ਹੈ। ਹਾਲਾਂਕਿ ਸ਼ੱਕ ਹੈ ਕਿ ਇਹ ਗ੍ਰਿਫਤਾਰੀਆਂ ਸੁਰੱਖਿਆ ਨਾਲ ਜੁੜੇ ਅਪਰਾਧਾਂ ਦੇ ਦੋਸ਼ 'ਚ ਕੀਤੀਆਂ ਗਈਆਂ ਹਨ। ਕਤਰ ਮੀਡੀਆ ਦਾ ਦਾਅਵਾ ਹੈ ਕਿ ਭਾਰਤੀ ਅਧਿਕਾਰੀ ਇਜ਼ਰਾਈਲ ਲਈ ਜਾਸੂਸੀ ਕਰ ਰਹੇ ਸਨ। ਭਾਰਤ ਸਰਕਾਰ ਨੇ ਵੀ ਦੋਸ਼ਾਂ ਬਾਰੇ ਜਾਣਕਾਰੀ ਨਹੀਂ ਦਿਤੀ ਹੈ।
ਕਤਰ ਵਿਚ ਜਿਨ੍ਹਾਂ ਸਾਬਕਾ ਜਲ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿਚ ਕੈਪਟਨ ਨਵਤੇਜ ਸਿੰਘ ਗਿੱਲ, ਕੈਪਟਨ ਸੌਰਭ ਵਸ਼ਿਸ਼ਟ, ਕੈਪਟਨ ਬੀਰੇਂਦਰ ਕੁਮਾਰ ਵਰਮਾ, ਕਮਾਂਡਰ ਪੂਰਨੇਂਦੂ ਤਿਵਾੜੀ, ਕਮਾਂਡਰ ਸੁਗਨਾਕਰ ਪਕਾਲਾ, ਕਮਾਂਡਰ ਸੰਜੀਵ ਗੁਪਤਾ, ਕਮਾਂਡਰ ਅਮਿਤ ਨਾਗਪਾਲ ਅਤੇ ਸੇਲਰ ਰਾਗੇਸ਼ ਸ਼ਾਮਲ ਹਨ।
(For more news apart from Qatar accepts India's appeal against death sentence to former Navy officers, stay tuned to Rozana Spokesman)