ਕੀ ਮੈਨੂੰ ਫ਼ੈਡਰਲ ਰਿਜ਼ਰਵ ਮੁਖੀ ਨੂੰ ਹਟਾਉਣ ਦਾ ਅਧਿਕਾਰ ਹੈ : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਕੈਬਨਿਟ ਮੈਂਬਰਾਂ ਤੋਂ ਨਿੱਜੀ ਤੌਰ 'ਤੇ ਇਕ ਸਵਾਲ ਪੁੱਛਿਆ ਹੈ.......

Donald Trump

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਕੈਬਨਿਟ ਮੈਂਬਰਾਂ ਤੋਂ ਨਿੱਜੀ ਤੌਰ 'ਤੇ ਇਕ ਸਵਾਲ ਪੁੱਛਿਆ ਹੈ। ਟਰੰਪ ਨੇ ਪੁੱਛਿਆ ਹੈ ਕੀ ਉਨ੍ਹਾਂ ਨੂੰ ਫ਼ੈਡਰਲ ਰਿਜ਼ਰਵ (ਅਮਰੀਕੀ ਕੇਂਦਰੀ ਬੈਂਕ) ਦੇ ਪ੍ਰਮੁੱਖ ਜੇਰੋਮ ਪਾਵੇਲ ਨੂੰ ਹਟਾਉਣ ਦਾ ਕਾਨੂੰਨੀ ਅਧਿਕਾਰ ਹੈ। ਟਰੰਪ ਨੇ ਇਹ ਗੱਲ ਬਿਆਜ਼ ਦਰਾਂ ਵਧਣ ਅਤੇ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦੇ ਬਾਅਦ ਪੁੱਛੀ ਹੈ। 

ਇਕ ਸਮਾਚਾਰ ਏਜੰਸੀ ਅਤੇ ਬਲੂਮਬਰਗ ਨੇ ਇਸ ਮਾਮਲੇ ਨਾਲ ਜੁੜੇ ਇਕ ਬੇਨਾਮ ਵਿਅਕਤੀ ਦੇ ਹਵਾਲੇ ਨਾਲ ਸਨਿਚਰਵਾਰ ਨੂੰ ਕਿਹਾ ਕਿ ਟਰੰਪ ਬੁਧਵਾਰ ਨੂੰ ਫੈਡਰਲ ਰਿਜ਼ਰਵ ਵਲੋਂ ਬਿਆਜ਼ ਦਰਾਂ ਵਿਚ ਵਾਧਾ ਕਰਨ ਅਤੇ ਅਗਲੇ ਸਾਲ ਵੀ ਵਾਧਾ ਜਾਰੀ ਰਹਿਣ ਦੇ ਸੰਕੇਤ ਦੇਣ ਨਾਲ ਨਾਰਾਜ਼ ਸਨ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਡਾਉ ਜੋਂਸ ਵਿਚ ਇਸ ਘਟਨਾਕ੍ਰਮ ਦੇ ਬਾਅਦ ਭਾਰੀ ਗਿਰਾਵਟ ਆਈ।

ਇਹ ਡਾਉ ਜੋਂਸ ਲਈ ਪਿਛਲੇ 10 ਸਾਲ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਵਾਲਾ ਹਫ਼ਤਾ ਰਿਹਾ। ਪਾਵੇਲ ਨੂੰ ਰਾਸ਼ਟਰਪਤੀ ਟਰੰਪ ਨੇ ਜੈਨੇਟ ਯੇਲੇਨ ਦੀ ਜਗ੍ਹਾ ਫਰਵਰੀ ਵਿਚ 4 ਸਾਲ ਲਈ ਫ਼ੈਡਰਲ ਰਿਜ਼ਰਵ ਦਾ ਮੁਖੀ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਅਕਤੂਬਰ ਵਿਚ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦਾ ਪਾਵੇਲ ਨੂੰ ਹਟਾਉਣ ਦਾ ਕੋਈ ਇਰਾਦਾ ਨਹੀਂ ਹੈ। ਪਰ ਨਵੰਬਰ ਵਿਚ ਟਰੰਪ ਨੇ ਕਿਹਾ ਕਿ ਉਹ ਪਾਵੇਲ ਦੇ ਕੰਮਕਾਜ ਤੋਂ ਖੁਸ਼ ਨਹੀਂ ਹਨ। ਅਮਰੀਕੀ ਮੀਡੀਆ ਮੁਤਾਬਕ ਇਹ ਸਪੱਸ਼ਟ ਨਹੀਂ ਹੈ ਕਿ ਟਰੰਪ ਨੂੰ ਪਾਵੇਲ ਨੂੰ ਹਟਾਉਣ ਦਾ ਅਧਿਕਾਰ ਹੈ ਜਾਂ ਨਹੀਂ।  (ਪੀਟੀਆਈ)

Related Stories