ਕੋਰੋਨਾ ਵਾਇਰਸ ਦਾ ਕਹਿਰ : ਕਰੂਜ਼ ਜਹਾਜ਼ 'ਤੇ ਮੌਜੂਦ ਭਾਰਤੀਆਂ ਦੀ ਵਾਪਸੀ ਦਾ ਕੀਤਾ ਜਾ ਰਿਹੈ ਪ੍ਰਬੰਧ!

ਏਜੰਸੀ

ਖ਼ਬਰਾਂ, ਕੌਮਾਂਤਰੀ

ਵਾਇਰਸ ਨਾਲ ਪੀੜਤ ਭਾਰਤੀਆਂ ਦੀ ਗਿਣਤੀ 14 ਹੋਈ

file photo

ਟੋਕੀਓ : ਜਾਪਾਨ ਦੇ ਤਟ ਕੋਲ ਵੱਖਰੇ ਖੜ੍ਹੇ ਕੀਤੇ ਗਏ ਕਰੂਜ਼ ਜਹਾਜ਼ 'ਤੇ ਮੌਜੂਦ ਜਿਨ੍ਹਾਂ ਭਾਰਤੀਆਂ ਦੀ ਕੋਰੋਨਾ ਵਾਇਰਸ ਲਈ ਕੀਤੀ ਗਈ ਜਾਂਚ 'ਚ ਨਤੀਜੇ ਪਾਜ਼ਿਟਿਵ ਨਹੀਂ ਆਏ, ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਜਹਾਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਰਤੀ ਦੂਤਘਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।

ਇਸ ਜਹਾਜ਼ 'ਤੇ ਚਾਲਕ ਦਲ ਦੇ ਦੋ ਹੋਰ ਭਾਰਤੀ ਮੈਂਬਰ ਕੋਰੋਨਾ ਵਾਇਰਸ ਦੀ ਜਾਂਚ 'ਚ ਪਾਜ਼ਿਟਿਵ ਪਾਏ ਗਏ। ਇਸ ਤਰ੍ਹਾਂ ਜਹਾਜ਼ 'ਚ ਸਵਾਰ ਵਾਇਰਸ ਨਾਲ ਪੀੜਤ ਭਾਰਤੀਆਂ ਦੀ ਗਿਣਤੀ 14 ਹੋ ਗਈ ਹੈ। ਟੋਕੀਓ ਕੋਲ ਯੋਕੋਹਾਮਾ ਤਟ 'ਤੇ ਤਿੰਨ ਫ਼ਰਵਰੀ ਨੂੰ ਖੜ੍ਹੇ ਕੀਤੇ ਗਏ ਜਹਾਜ਼ 'ਡਾਇਮੰਡ ਪ੍ਰਿੰਸਜ਼' 'ਚ ਸਵਾਰ ਕੁੱਲ 3,711 ਲੋਕਾਂ 'ਚ 138 ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ 'ਚ ਚਾਲਕ ਦਲ ਦੇ 132 ਅਤੇ 6 ਯਾਤਰੀ ਹਨ।

ਦੂਤਘਰ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਜਿਨ੍ਹਾਂ ਭਾਰਤੀਆਂ ਦੀ ਵਾਇਰਸ ਲਈ ਜਾਂਚ 'ਚ ਨਤੀਜੇ ਪਾਜ਼ਿਟਿਵ ਨਹੀਂ ਆਏ, ਮੈਡੀਕਲ ਦਲ ਦੀ ਮਨਜ਼ੂਰੀ ਦੇ ਬਾਅਦ ਉਨ੍ਹਾਂ ਨੂੰ ਵਾਪਸ ਲੈ ਜਾਣ ਲਈ ਜਹਾਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।''

ਟਵੀਟ 'ਚ ਕਿਹਾ ਗਿਆ ਕਿ ਇਸ ਸਬੰਧ 'ਚ ਇਕ ਈ-ਮੇਲ ਪੂਰੇ ਬਿਊਰੋ ਨਾਲ ਭੇਜਿਆ ਗਿਆ ਹੈ। ਜਹਾਜ਼ 'ਤੇ ਚਾਲਕ ਦਲ ਦੇ ਦੋ ਹੋਰ ਭਾਰਤੀ ਮੈਂਬਰ ਕੋਰੋਨਾ ਵਾਇਰਸ ਦੀ ਜਾਂਚ 'ਚ ਪਾਜ਼ਿਟਿਵ ਪਾਏ ਗਏ, ਜਿਸ ਦੇ ਬਾਅਦ ਜਹਾਜ਼ 'ਚ ਸਵਾਰ ਪੀੜਤਾਂ ਦੀ ਗਿਣਤੀ 14 ਹੋ ਗਈ।

ਇਸ ਤੋਂ ਪਹਿਲਾਂ ਦੂਤਘਰ ਨੇ ਸੋਮਵਾਰ ਨੂੰ ਟਵੀਟ ਕੀਤਾ,''ਅੱਜ ਇਕੱਠੇ ਕੀਤੇ ਗਏ ਨਮੂਨਿਆਂ ਦੇ ਪੀ. ਸੀ. ਆਰ. ਜਾਂਚ ਨਤੀਜੇ ਆ ਗਏ ਹਨ ਅਤੇ ਭਾਰਤੀ ਚਾਲਕ ਦਲ ਦੇ ਦੋ ਹੋਰ ਮੈਂਬਰ ਪੀੜਤ ਪਾਏ ਗਏ ਹਨ।''