ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਲਈ ਦਿੱਤੇ ਜਾਣਗੇ ਵੱਧ ਤੋਂ ਵੱਧ ਵੀਜ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ETPB ਨੇ ਸਿੱਖ ਭਾਈਚਾਰੇ ਨੂੰ ਵਿਸ਼ਵਾਸ ਦਵਾਇਆ ਹੈ ਕਿ ਉਹ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਜ਼ਿਆਦਾਤਰ ਸਿੱਖਾਂ ਨੂੰ ਵੀਜ਼ੇ ਦੇਣਗੇ।

Sikh Pilgrims

ਲਾਹੌਰ : Evacuee Trust Property Board (ETPB) ਨੇ ਸਿੱਖ ਭਾਈਚਾਰੇ ਨੂੰ ਵਿਸ਼ਵਾਸ ਦਵਾਇਆ ਹੈ ਕਿ ਉਹ ਨਵੇਂ ਸਾਲ ਦੇ ਜਸ਼ਨ, ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ‘ਤੇ ਸ਼ਾਮਿਲ ਹੋਣ ਲਈ ਵੱਧ ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਪ੍ਰਵਾਨਗੀ ਦੇਵੇਗੀ।

ਬੋਰਡ ਦਾ ਕਹਿਣਾ ਹੈ ਕਿ ਵਿਸਾਖੀ ਦਾ ਦਿਹਾੜਾ ਮਨਾਉਣ ਸਬੰਧੀ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ ਅਤੇ 14 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਖਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਦੋਨਾਂ ਪ੍ਰੋਗਰਾਮਾਂ ਦਾ ਕੇਂਦਰ ਹਸਨ ਅਬਦਾਲ ਵਿਚ ਗੁਰਦੁਆਰਾ ਪੰਜਾ ਸਾਹਿਬ ਹੋਵੇਗਾ। ਈਟੀਪੀਬੀ ਦੇ ਗੁਰਦੁਆਰਾ ਵਿਭਾਗ ਦੇ ਡਿਪਟੀ ਸੈਕਟਰੀ, ਇਮਰਾਨ ਖਾਨ ਨੇ ਸੂਚਿਤ ਕੀਤਾ ਹੈ ਕਿ ਭਾਰਤ-ਪਾਕਿਸਤਾਨ ਦੇ ਸਮਝੌਤੇ ਅਨੁਸਾਰ 3000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਣਗੇ।

ਪਾਕਿਸਤਾਨ ਸਰਕਾਰ ਨੇ ਨਵੀਂ ਦਿੱਲੀ ਵਿਚ ਸਥਿਤ ਆਪਣੀ ਅੰਬੈਸੀ ਨੂੰ ਆਦੇਸ਼ ਦਿੱਤੇ ਹਨ ਕਿ ਜੇਕਰ 3000 ਤੋਂ ਵੀ ਵੱਧ ਵੀਜ਼ਿਆਂ ਲਈ ਵੀ ਅਰਜੀਆਂ ਕੀਤੀਆ ਗਈਆਂ ਤਾਂ ਉਸ ਸਥਿਤੀ ਵਿਚ ਵੀ ਵੀਜ਼ੇ ਦਿੱਤੇ ਜਾਣਗੇ। ਇਸਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਨਾਲ ਹੋਰ ਸਿੱਖ ਸੰਸਥਾਵਾਂ ਨੂੰ ਸੁਨੇਹੇ ਭੇਜ ਦਿੱਤੇ ਹਨ ਕਿ ਉਹ ਸਿੱਖ ਯਾਤਰੀਆਂ ਨੂੰ ਪੂਰੀ ਸੁਰੱਖਿਆ ਅਤੇ ਸਨਮਾਨ ਦੇਣਗੇ।

ਸਿੱਖ ਸ਼ਰਧਾਲੂ 12 ਅਪ੍ਰੈਲ ਨੂੰ ਲਾਹੌਰ ਦੇ ਵਾਹਗਾ ਸਟੇਸ਼ਨ ‘ਤੇ ਪਹੁੰਚਣਗੇ ਅਤੇ ਲਾਹੌਰ ਵਾਹਗਾ ਸਟੇਸ਼ਨ ਤੋਂ ਸਿੱਖ ਸ਼ਰਧਾਲੂਆਂ ਨੂੰ ਲਿਆਉਣ ਲਈ ਅਟਾਰੀ ਸਟੇਸ਼ਨ ਤੋਂ ਤਿੰਨ ਖਾਸ ਟ੍ਰੇਨਾਂ ਭੇਜੀਆਂ ਜਾਣਗੀਆਂ। ਕਸਟਮ ਅਤੇ ਇਮੀਗ੍ਰੇਸ਼ਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਰਧਾਲੂਆਂ ਨੂੰ ਵਾਹਗਾ ਸਟੇਸ਼ਨ ‘ਤੇ ਖਾਣਾ ਦਿੱਤਾ ਜਾਵੇਗਾ ਅਤੇ ETPB ਕਰਮਚਾਰੀ ਉਹਨਾਂ ਨੂੰ ਲਾਹੌਰ ਤੋਂ ਹਸਨ ਅਬਦਾਲ ਤਕ ਲੈ ਕੇ ਜਾਣਗੇ।

ਖਾਲਸੇ ਦੇ ਜਨਮ ਦਿਹਾੜੇ ਦੇ ਸਮਾਰੋਹ ਤੋਂ ਬਾਅਦ ਸਿੱਖ ਸ਼ਰਧਾਲੂਆਂ ਨੂੰ ਸਿੱਖ ਧਰਮ ਨਾਲ ਸਬੰਧਿਤ ਸਥਾਨ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਡੇਰਾ ਬਾਬਾ ਨਾਨਕ ਦੀ ਯਾਤਰਾ ਕਰਵਾਈ ਜਾਵੇਗੀ। ਇਸੇ ਦੌਰਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰਾਂ ਨੇ ਭਾਰਤ ਦੇ ਉਸ ਦਾਅਵੇ ਨੂੰ ਗਲਤ ਕਰਾਰ ਦਿੱਤਾ ਹੈ, ਜਿਸ ਵਿਚ ਭਾਰਤ ਨੇ ਇਹ ਕਿਹਾ ਸੀ ਕਿ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਚ ਸਥਿਤ ਪੁਰਾਤਨ ਇਮਾਰਤਾਂ ਅਤੇ ਦਰਖਤਾਂ ਨੂੰ ਢਾਹ ਦਿੱਤਾ ਗਿਆ ਹੈ।

ਸਰਦਾਰ ਬਾਸ਼ਨ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਵਿਚ ਗੁਰਦੁਆਰੇ ਦੀ ਪੁਰਾਣੀ ਸਥਿਤੀ ਬਰਕਰਾਰ ਹੈ। ਉਹਨਾਂ ਕਿਹਾ ਕਿ ਕੁਝ ਸਾਲ ਪਹਿਲਾਂ ਕਈ ਕਮਰੇ ਬਣਾਏ ਗਏ ਸੀ, ਪਰ ਬਾਅਦ ਵਿਚ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ, ਅਤੇ ਉਹ ਗੁਰਦੁਆਰੇ ਦਾ ਹਿੱਸਾ ਨਹੀਂ ਸਨ। ਦਰਖਤਾਂ ਬਾਰੇ ਉਹਨਾਂ ਕਿਹਾ ਕਿ ਇਹ ਦਰਖਤ 1970 ਤੋਂ ਬਾਅਦ ਲਗਾਏ ਗਏ ਸਨ ਅਤੇ ਬਾਅਦ ਵਿਚ ਉਹਨਾਂ ਨੂੰ ਕੱਟ ਦਿੱਤਾ ਗਿਆ ਸੀ।