ਇਜ਼ਰਾਈਲ-ਫ਼ਲਸਤੀਨ ਹਿੰਸਾ: ਭਾਰਤ ਵਿਚ ਬਹੁਗਿਣਤੀਆਂ ਨੇ ਕਿਉਂ ਕੀਤਾ ਇਜ਼ਰਾਈਲ ਦਾ ਸਮਰਥਨ?

ਏਜੰਸੀ

ਖ਼ਬਰਾਂ, ਕੌਮਾਂਤਰੀ

ਜ਼ਿਆਦਾਤਰ ਹਿੰਦੂ ਵੀ ਸੋਸ਼ਲ ਮੀਡੀਆ ’ਤੇ ਇਜ਼ਰਾਈਲ ਦੇ ਨਾਲ ਦਿਖੇ। ਉੱਥੇ ਹੀ ਮੁਸਲਮਾਨਾਂ ਦਾ ਸਮਰਥਨ ਫ਼ਲਸਤੀਨੀਆਂ ਦੇ ਨਾਲ ਰਿਹਾ।

Why did the majority in India support Israel?

ਨਵੀਂ ਦਿੱਲੀ: ਬੀਤੇ ਦਿਨੀਂ ਇਜ਼ਰਾਈਲ ਅਤੇ ਹਮਾਸ ਵਿਚ ਚੱਲੇ ਹਿੰਸਕ ਟਕਰਾਅ ਦੌਰਾਨ ਜ਼ਿਆਦਾਤਰ ਭਾਰਤੀਆਂ ਦਾ ਸਮਰਥਨ ਅਤੇ ਵਿਰੋਧ ਧਾਰਮਿਕ ਲਾਈਨ ਉੱਤੇ ਵੰਡਿਆ ਦਿਖਾਈ ਦਿੱਤਾ। ਇਸ ਦੌਰਾਨ ਭਾਜਪਾ ਨੇਤਾ ਸੋਸ਼ਲ ਮੀਡੀਆ ਉੱਤੇ ਖੁੱਲ੍ਹ ਕੇ ਇਜ਼ਰਾਈਲ ਦੇ ਪੱਖ ਵਿਚ ਬੋਲਦੇ ਦਿਖਾਈ ਦਿੱਤੇ। ਜ਼ਿਆਦਾਤਰ ਹਿੰਦੂ ਵੀ ਸੋਸ਼ਲ ਮੀਡੀਆ ’ਤੇ ਇਜ਼ਰਾਈਲ ਦੇ ਨਾਲ ਦਿਖੇ। ਉੱਥੇ ਹੀ ਮੁਸਲਮਾਨਾਂ ਦਾ ਸਮਰਥਨ ਫ਼ਲਸਤੀਨੀਆਂ ਦੇ ਨਾਲ ਰਿਹਾ।

ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਵੀ ਇਜ਼ਰਾਈਲ ਦੇ ਸਮਰਥਨ ਵਿਚ ਟਵੀਟ ਕੀਤਾ। ਹਾਲਾਂਕਿ ਕੇਂਦਰ ਵਿਚ ਵੀ ਭਾਜਪਾ ਸਰਕਾਰ ਹੈ ਪਰ ਸਰਕਾਰ ਵੱਲੋਂ ਇਜ਼ਰਾਈਲ ਦੇ ਸਮਰਥਨ ਵਿਚ ਕੁਝ ਵੀ ਨਹੀਂ ਕਿਹਾ ਗਿਆ। ਦੂਜੇ ਪਾਸੇ ਕੁਲ ਹਿੰਦ ਮਜਲਿਸ-ਏ-ਇਤਿਹਾਦਅਲ ਮੁਸਲਮੀਨ (AIMIM) ਦੇ ਬੁਲਾਰੇ ਸਈਦ ਆਸਿਮ ਵਕਾਰ ਨੇ ਫਲਸਤੀਨੀਆਂ ਦੇ ਸਮਰਥਨ ਵਿਚ ਟਵੀਟ ਕੀਤਾ।  

ਏਆਈਐਮਆਈਐਮ ਦੇ ਰਾਸ਼ਟਰੀ ਬੁਲਾਰੇ ਵਾਰਿਸ ਪਠਾਨ ਨੇ ਵੀ ਫ਼ਲਸਤੀਨੀਆਂ ਦੇ ਸਮਰਥਨ ਵਿਚ ਕਾਫੀ ਟਵੀਟ ਕੀਤੇ। ਜਦੋਂ ਉਹਨਾਂ ਕੋਲੋਂ ਪੁੱਛਿਆ ਕਿ ਉਹ ਫਲਸਤੀਨੀਆਂ ਦਾ ਸਮਰਥਨ ਕਿਉਂ ਕਰ ਰਹੇ ਹਨ? ਤਾਂ ਉਹਨਾਂ ਕਿਹਾ, ‘ਮੁਸਲਮਾਨ ਤਾਂ ਫਲਸਤੀਨੀਆਂ ਦੇ ਨਾਲ ਰਹਿਣਗੇ ਕਿਉਂਕਿ ਇੱਥੇ ਮੱਕਾ-ਮਦੀਨਾ ਤੋਂ ਬਾਅਦ ਸਾਡਾ ਸਭ ਤੋਂ ਪਵਿੱਤਰ ਸਥਾਨ ਹੈ। ਕੋਈ ਵੀ ਮੁਸਲਮਾਨ ਇਜ਼ਰਾਈਲ ਦਾ ਸਮਰਥਨ ਕਿਉਂ ਕਰੇਗਾ? '' ਵਾਰਿਸ ਪਠਾਣ ਦਾ ਕਹਿਣਾ ਹੈ ਕਿ ਜੋ ਲੋਕ ਮੁਸਲਿਮ ਵਿਰੋਧੀ ਹਨ ਉਹ ਇਜ਼ਰਾਈਲ ਦਾ ਸਮਰਥਨ ਕਰ ਰਹੇ ਹਨ।

ਭਾਰਤ ਵਿਚ ਇਜ਼ਰਾਈਲ ਅਤੇ ਫਿਲਸਤੀਨੀਆਂ ਦਾ ਮਸਲਾ ਇੰਨਾ ਫਿਰਕਾਪ੍ਰਸਤ ਕਿਉਂ ਹੈ?

ਜੇਐਨਯੂ ਵਿਚ ਸੈਂਟਰ ਫਾਰ ਵੈਸਟ ਏਸ਼ੀਅਨ ਸਟਡੀਜ਼ ਦੇ ਪ੍ਰੋਫੈਸਰ ਏਕੇ ਪਾਸ਼ਾ ਕਹਿੰਦੇ ਹਨ ਕਿ 1980 ਦੇ ਦਹਾਕੇ ਵਿਚ ਅਡਵਾਣੀ ਨੇ ਜੋ ਰਾਜਨੀਤੀ ਸ਼ੁਰੂ ਕੀਤੀ ਸੀ, ਇਹ ਉਸ ਰਾਜਨੀਤੀ ਦਾ ਨਤੀਜਾ ਹੈ। ਭਾਜਪਾ ਹਿੰਦੂਆਂ ਵਿਚ ਇਹ ਵਿਚਾਰਧਾਰਾ ਬਣਾਉਣ ਵਿਚ ਸਫ਼ਲ ਰਹੀ ਹੈ ਕਿ ਹਿੰਦੂ ਵੱਡੀ ਗਿਣਤੀ ਵਿਚ ਹਨ ਅਤੇ ਫਿਰ ਵੀ ਮੁਸਲਮਾਨਾਂ ਦਾ ਦਬਦਬਾ ਹੈ, ਇਸ ਲਈ ਉਹਨਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ।

ਇਜ਼ਰਾਈਲ ਦਾ ਇਕ ਅਕਸ ਮੁਸਲਮਾਨ ਵਿਰੋਧੀ ਬਣਿਆ ਹੈ ਅਤੇ ਭਾਜਪਾ ਵੀ ਮੁਸਲਮਾਨਾਂ ਵਿਰੋਧੀ ਰਾਜਨੀਤੀ ਕਰਦੀ ਹੈ। ਅਜਿਹੇ ਵਿਚ ਭਾਜਪਾ ਸਮਰਥਕਾਂ ਨੂੰ ਇਜ਼ਰਾਈਲ ਰਾਸ ਆਉਂਦਾ ਹੈ। ਪਾਸ਼ਾ ਦਾ ਕਹਿਣਾ ਹੈ ਕਿ ਭਾਰਤ ਵਿਚ ਇਜ਼ਰਾਈਲ ਦਾ ਸਮਰਥਨ ਮੁਸਲਮਾਨਾਂ ਨਾਲ ਨਫ਼ਰਤ ਦਾ ਕਾਰਨ ਹੈ। ਦੂਜੇ ਪਾਸੇ ਮੁਲਸਮਾਨਾਂ ਵੱਲੋਂ ਫਲਸਤੀਨੀਆਂ ਦਾ ਸਮਰਥਨ ਕਰ ਪਿੱਛੇ ਵੀ ਮਜ਼ਹਬੀ ਕਾਰਨ ਹੈ। ਮੁਸਲਮਾਨ ਮਸਜਿਦ ਅਲ-ਅਕਸ਼ਾ ਕਾਰਨ ਫਲਸਤੀਨੀਆਂ ਦਾ ਸਮਰਥਨ ਕਰ ਰਹੇ ਹਨ ।

ਇਜ਼ਰਾਈਲ ਦਾ ਜਨਮ

ਮੱਧ ਪੂਰਬ ਵਿਚ ਯਹੂਦੀ ਮੁਲਕ ਇਜ਼ਰਾਈਲ ਦਾ ਗਠਨ ਸੰਯੁਕਤ ਰਾਸ਼ਟਰ ਜ਼ਰੀਏ 1948 ਵਿਚ ਕੀਤਾ ਗਿਆ ਯਾਨੀ ਭਾਰਤ ਦੀ ਆਜ਼ਾਦੀ ਤੋਂ ਕਰੀਬ ਇਕ ਸਾਲ ਬਾਅਦ। ਇਜ਼ਰਾਈਲ ਬਣਨ ਤੋਂ ਪਹਿਲਾਂ ਫਲਸਤੀਨੀ ਇਲਾਕੇ ਵਿਚ ਯਹੂਦੀ ਰਫਿਊਜੀਆਂ ਦੇ ਤੌਰ ’ਤੇ ਰਹਿ ਰਹੇ ਸੀ। ਇਜ਼ਰਾਈਲ ਦੇ ਗਠਨ ਵਿਚ ਅਮਰੀਕਾ ਅਤੇ ਬ੍ਰਿਟੇਨ ਦੀ ਭੂਮਿਕਾ ਅਹਿਮ ਰਹੀ।

ਭਾਰਤ ਨੇ ਇਜ਼ਰਾਈਲ ਬਣਨ ਤੋਂ ਤੁਰੰਤ ਬਾਅਦ ਇਕ ਆਜ਼ਾਦ ਮੁਲਕ ਦੇ ਰੂਪ ਵਿਚ ਮਾਨਤਾ ਨਹੀਂ ਦਿੱਤੀ ਸੀ। ਭਾਰਤ ਇਜ਼ਰਾਈਲ ਦੇ ਗਠਨ ਦੇ ਖ਼ਿਲਾਫ਼ ਸੀ। ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਇਸ ਦੇ ਖ਼ਿਲਾਫ ਵੋਟ ਕੀਤਾ ਸੀ। ਭਾਰਤ ਦੇ ਸਮਰਥਨ ਲਈ ਮਸ਼ਹੂਰ ਵਿਗਿਆਨੀ ਆਇੰਸਟਾਈਨ ਨੇ ਨਹਿਰੂ ਨੂੰ ਖੱਤ ਵੀ ਲਿਖਿਆ ਸੀ ਪਰ ਨਹਿਰੂ ਨੇ ਇਸ ਨੂੰ ਨਕਾਰ ਦਿੱਤਾ। ਆਖ਼ਿਰਕਾਰ 17 ਸਤੰਬਰ 1950 ਨੂੰ ਨਹਿਰੂ ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ।

ਜਦੋਂ ਕੇਂਦਰ ਵਿਚ ਪਹਿਲੀ ਵਾਰ ਭਾਜਪਾ ਸਰਕਾਰ ਆਈ ਅਤੇ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ। ਇਸ ਦੌਰਾਨ ਭਾਰਤ-ਇਜ਼ਰਾਈਲ ਰਿਸ਼ਤਿਆਂ ਵਿਚ ਗਹਿਰਾਈ ਆਈ। ਵਾਜਪਾਈ ਦੇ ਕਾਰਜਕਾਲ ਦੌਰਾਨ ਇਜ਼ਰਾਈਲ ਨਾਲ ਆਰਥਕ, ਰਣਨੀਤਕ, ਵਿਗਿਆਨ-ਤਕਨੀਕ ਅਤੇ ਖੇਤੀਬਾੜੀ ਦੇ ਖੇਤਰ ਵਿਚ ਕਈ ਅਹਿਮ ਸਮਝੌਤੇ ਹੋਏ। ਇਸ ਦੌਰਾਨ ਦੋਵੇਂ ਦੇਸ਼ਾਂ ਵਿਚ ਕਈ ਦੌਰੇ ਵੀ ਹੋਏ ਹਾਲਾਂਕਿ ਇਸ ਦੌਰਾਨ ਅਟਲ ਬਿਹਾਰੀ ਵਾਜਪਾਈ ਇਜ਼ਰਾਈਲ ਨਹੀਂ ਗਏ।

2017 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਈਲ ਦੌਰੇ ’ਤੇ ਗਏ ਅਤੇ ਉਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਇਜ਼ਰਾਈਲ ਦੌਰਾ ਸੀ। ਇਸ ਦੌਰਾਨ ਉਹ ਫਲਸਤੀਨੀ ਖੇਤਰ ਵਿਚ ਨਹੀਂ ਗਏ ਅਤੇ ਨਾ ਹੀ ਇਸ ਦੌਰੇ ਵਿਚ ਉਹਨਾਂ ਨੇ ਫਲਸਤੀਨੀਆਂ ਦਾ ਇਕ ਵਾਰ ਵੀ ਨਾਮ ਲਿਆ।

ਹਾਲਾਂਕਿ ਪੀਐਮ ਮੋਦੀ 2018 ਵਿਚ ਵੱਖਰੇ ਤੌਰ ’ਤੇ ਫਲਸਤੀਨੀ ਇਲ਼ਾਕੇ ਵਿਚ ਗਏ ਸੀ।  ਪਾਕਸਿਤਾਨ ਮੁਸਲਮਾਨਾਂ ਲਈ ਬਣਿਆ ਇਹ ਇਕ ਤੱਥ ਹੈ, ਇਜ਼ਰਾਈਲ ਯਹੂਦੀਆਂ ਦਾ ਹੈ, ਇਸ ਵਿਚ ਵੀ ਕੋਈ ਝੂਠ ਨਹੀਂ ਹੈ ਪਰ ਭਾਰਤ ਹਿੰਦੂਆਂ ਦਾ ਹੈ, ਇਹ ਕਿਸੇ ਪਾਰਟੀ ਦਾ ਏਜੰਡਾ ਹੋ ਸਕਦਾ ਹੈ ਪਰ ਭਾਰਤ ਜਿਸ ਵਿਚਾਰਧਾਰਾ ਨਾਲ ਬਣਿਆ ਹੈ, ਉਸ ਦੀ ਜੜ੍ਹ ਵਿਚ ਇਹ ਗੱਲ ਨਹੀਂ ਹੈ।