ਦਿੱਲੀ ਹਿੰਸਾ ‘ਤੇ ਅਮਰੀਕੀ ਸੰਸਦ ਮੈਂਬਰਾਂ ਦੀ ਪ੍ਰਤੀਕਿਰਿਆ, ‘ਦੁਨੀਆ ਦੇਖ ਰਹੀ ਹੈ’

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਟਰੰਪ ਦੀ ਭਾਰਤ ਯਾਤਰਾ ਦੇ ਨਾਲ ਹੀ ਮੀਡੀਆ ਵੱਲੋਂ ਇਹਨਾਂ ਘਟਨਾਵਾਂ ਨੂੰ ਵੱਡੇ ਪੱਧਰ ‘ਤੇ ਦਿਖਾਇਆ ਜਾ ਰਿਹਾ ਹੈ।

Photo

ਵਾਸ਼ਿੰਗਟਨ:  ਭਾਰਤ ਦੀ ਰਾਜਧਾਨੀ ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋ ਰਹੀ ਹਿੰਸਾ ‘ਤੇ ਅਮਰੀਕੀ ਸੰਸਦ ਮੈਂਬਰਾਂ ਨੇ ਤਿੱਖ਼ੀ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਰਾਸ਼ਟਰਪਤੀ ਟਰੰਪ ਦੀ ਭਾਰਤ ਯਾਤਰਾ ਦੇ ਨਾਲ ਹੀ ਮੀਡੀਆ ਵੱਲੋਂ ਇਹਨਾਂ ਘਟਨਾਵਾਂ ਨੂੰ ਵੱਡੇ ਪੱਧਰ ‘ਤੇ ਦਿਖਾਇਆ ਜਾ ਰਿਹਾ ਹੈ।

ਅਮਰੀਕੀ ਸੰਸਦ ਮੈਂਬਰ ਪ੍ਰਮੀਲਾ ਜੈਪਾਲ ਨੇ ਕਿਹਾ ਕਿ ਭਾਰਤ ਵਿਚ ਅਸਹਿਣਸ਼ੀਲਤਾ ਵਿਚ ਵਾਧਾ ਬਹੁਤ ਹੀ ਡਰਾਵਣਾ ਹੈ। ਜੈਪਾਲ ਨੇ ਟਵੀਟ ਕਰਕੇ ਕਿਹਾ, ‘ਲੋਕਤੰਤਰਿਕ ਦੇਸ਼ਾਂ ਨੂੰ ਵੰਡ ਅਤੇ ਭੇਦਭਾਵ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਜਾਂ ਅਜਿਹੇ ਕਾਨੂੰਨ ਵਿਚ ਵਾਧਾ ਨਹੀਂ ਕਰਨਾ ਚਾਹੀਦਾ ਜੋ ਧਾਰਮਕ ਅਜ਼ਾਦੀ ਨੂੰ ਕਮਜ਼ੋਰ ਕਰਦਾ ਹੋਵੇ’।

ਉਹਨਾਂ ਨੇ ਕਿਹਾ, ‘ਦੁਨੀਆ ਦੇਖ ਰਹੀ ਹੈ’। ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦਿੱਲੀ ਵਿਚ ਹੋਈ ਹਿੰਸਾ ਵਿਚ 18 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਸੰਸਦ ਮੈਂਬਰ ਐਲਨ ਲੋਵੇਨਥਾਲ ਨੇ ਵੀ ਹਿੰਸਾ ਨੂੰ ‘ਨੈਤਿਕ ਲੀਡਰਸ਼ਿਪ ਦੀ ਦੁਖਦਾਈ ਅਸਫਲਤਾ’ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ, ‘ਸਾਨੂੰ ਭਾਰਤ ਵਿਚ ਮਨੁੱਖੀ ਅਧਿਕਾਰ ‘ਤੇ ਮੰਡਰਾ ਰਹੇ ਖਤਰੇ ਬਾਰੇ ਬੋਲਣਾ ਚਾਹੀਦਾ ਹੈ’।

ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਦਾਅਵੇਦਾਰ ਅਤੇ ਸੰਸਦ ਮੈਂਬਰ ਐਲੀਜ਼ਾਬੇਥ ਵਾਰੇਨ ਨੇ ਕਿਹਾ, ‘ਭਾਰਤ ਵਰਗੇ ਲੋਕਤੰਤਰਿਕ ਸਾਂਝੇਦਾਰਾਂ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਅਹਿਮ ਹੈ ਪਰ ਸਾਨੂੰ ਕਦਰਾਂ ਕੀਮਤਾਂ 'ਤੇ ਸੱਚ ਬੋਲਣਾ ਚਾਹੀਦਾ ਹੈ, ਜਿਨ੍ਹਾਂ ਵਿਚ ਧਾਰਮਿਕ ਆਜ਼ਾਦੀ, ਪ੍ਰਗਟਾਵੇ ਦੀ ਆਜ਼ਾਦੀ ਸ਼ਾਮਲ ਹੈ। ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਹਿੰਸਾ ਸਵੀਕਾਰਨ ਯੋਗ ਨਹੀਂ ਹੈ’।

ਯੂਐਸ ਕਾਂਗਰਸ ਮੈਂਬਰ ਰਸ਼ੀਦਾ ਤਾਲਿਬ ਨੇ ਟਵੀਟ ਕੀਤਾ, ‘ਇਸ ਹਫ਼ਤੇ ਟਰੰਪ ਭਾਰਤ ਗਏ ਪਰ ਫਿਲਹਾਲ ਤਾਂ ਦਿੱਲੀ ਵਿਚ ਅਸਲੀ ਖ਼ਬਰ ਫਿਰਕੂ ਹਿੰਸਾ ਹੋਣੀ ਚਾਹੀਦੀ ਹੈ। ਇਸ ‘ਤੇ ਅਸੀਂ ਚੁੱਪ ਨਹੀਂ ਰਹਿ ਸਕਦੇ’। ਵਾਸ਼ਿੰਗਟਨ ਪੋਸਟ ਨੇ ਅਪਣੀ ਇਕ ਰਿਪੋਰਟ ਵਿਚ ਕਿਹਾ, ‘ਇਹ ਦੰਗੇ ਵਿਵਾਦਿਤ ਨਾਗਰਿਕਤਾ ਸੋਧ ਕਾਨੂੰਨ ‘ਤੇ ਚਾਰ ਮਹੀਨਿਆਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਸਿਖਰ ‘ਤੇ ਪਹੁੰਚੇ ਤਣਾਅ ਨੂੰ ਦਿਖਾਉਂਦੇ ਹਨ’।

ਇਸੇ ਤਰ੍ਹਾਂ ਨਿਊਯਾਰਕ ਟਾਈਮਜ਼ ਨੇ ਲਿਖਿਆ, ‘ਰਾਸ਼ਟਰਪਤੀ ਟਰੰਪ ਜਦੋਂ ਭਾਰਤ ਦੀ ਰਾਜਧਾਨੀ ਦੀ ਯਾਤਰਾ ‘ਤੇ ਸਨ, ਉਸੇ ਦੌਰਾਨ ਉੱਥੇ ਫਿਰਕੂ ਹਿੰਸਾ ਵਿਚ ਘੱਟੋ-ਘੱਟ 11 ਲੋਕ ਮਾਰੇ ਗਏ’। ਅੰਤਰਰਾਸ਼ਟਰੀ ਧਾਰਮਿਕ ਅਜ਼ਾਦੀ ‘ਤੇ ਅਮਰੀਕੀ ਕਮਿਸ਼ਨ ਨੇ ਟਵੀਟ ਕਰਕੇ ਕਿਹਾ ਕਿ ਨਵੀਂ ਦਿੱਲੀ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਭਿਆਨਕ ਭੀੜ ਹਿੰਸਾ ਦੀਆਂ ਖ਼ਬਰਾਂ ਤੋਂ ਚਿੰਤਤ ਹੈ। ਕਮਿਸ਼ਨ ਨੇ ਮੋਦੀ ਸਰਕਾਰ ਨੂੰ ਭੀੜ ਨੂੰ ਕੰਟਰੋਲ ਕਰਨ ਅਤੇ ਘੱਟ ਗਿਣਤੀਆਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ।