ਮਿਲ-ਬੈਠ ਕੇ ਹੱਲ ਹੋਵੇ ਕਸ਼ਮੀਰ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਨਾਲ ਅਪਣੇ ਸਬੰਧ ਸੁਧਾਰਨਾ ਚਾਹੁੰਦਾ ਹੈ.................

Emraan Khan addressing people

ਇਸਲਾਮਾਬਾਦ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਨਾਲ ਅਪਣੇ ਸਬੰਧ ਸੁਧਾਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਗਵਾਂਢੀਆਂ 'ਚ ਇਲਜ਼ਾਮਤਰਾਸ਼ੀ ਦੋਹਾਂ ਲਈ ਨੁਕਸਾਨਦੇਹ ਹੈ ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਆਮ ਚੋਣਾਂ ਵਿਚ ਖ਼ਾਨ ਦੀ ਪਾਰਟੀ ਨੂੰ ਸੱਭ ਤੋਂ ਵੱਡੀ ਜਿੱਤ ਮਿਲਣ ਮਗਰੋਂ 65 ਸਾਲਾ ਨੇਤਾ ਨੇ ਪਹਿਲੀ ਵਾਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਜੇ ਉਹ ਸਾਡੇ ਵਲ ਇਕ ਕਦਮ ਵਧਾਉਂਦੇ ਹਨ ਤਾਂ ਅਸੀਂ ਦੋ ਕਦਮ ਵਧਾਵਾਂਗੇ ਪਰ ਘੱਟੋ-ਘੱਟ ਸ਼ੁਰੂਆਤ ਦੀ ਲੋੜ ਹੈ।' ਖ਼ਾਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਕਸ਼ਮੀਰ ਮੁੱਖ ਮੁੱਦਾ ਹੈ

ਅਤੇ ਗੱਲਬਾਤ ਰਾਹੀਂ ਇਸ ਦਾ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਮੈਂ ਅਜਿਹਾ ਵਿਅਕਤੀ ਹਾਂ ਜੋ ਕ੍ਰਿਕਟ ਸਦਕਾ ਭਾਰਤ ਦੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ। ਅਸੀਂ ਦਖਣੀ ਪੂਰਬ ਏਸ਼ੀਆ ਵਿਚ ਗ਼ਰੀਬੀ ਸੰਕਟ ਦਾ ਹੱਲ ਕਰ ਸਕਦੇ ਹਾਂ।' ਇਮਰਾਨ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਇਸ ਦਾ ਹੱਲ ਕਰਨ ਲਈ ਗੱਲਬਾਤ ਦੀ ਮੇਜ਼ 'ਤੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਅਸੀਂ ਭਾਰਤ ਨਾਲ ਅਪਣੇ ਸਬੰਧ ਸੁਧਾਰਨਾ ਚਾਹੁੰਦੇ ਹਾਂ ਜੇ ਭਾਰਤ ਵੀ ਚਾਹੁੰਦਾ ਹੋਵੇ। ਅਜਿਹੀ ਇਲਜ਼ਾਮਤਰਾਸ਼ੀ ਕਿ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕੁੱਝ ਵੀ ਭਾਰਤ ਕਾਰਨ ਗ਼ਲਤ ਹੋ ਰਿਹਾ ਹੈ

ਅਤੇ ਅਜਿਹਾ ਹੀ ਦੋਸ਼ ਉਥੇ ਭਾਰਤ ਵਿਚ ਪਾਕਿਸਤਾਨ 'ਤੇ ਲਾਇਆ ਜਾਣਾ ਸਾਨੂੰ ਚੌਰਾਹੇ 'ਤੇ ਲਿਆ ਖੜਾ ਕਰਦਾ ਹੈ।'  ਉਨ੍ਹਾਂ ਕਿਹਾ, 'ਅਸੀਂ ਇੰਜ ਅੱਗੇ ਨਹੀਂ ਵਧਾਂਗੇ ਅਤੇ ਇਹ ਉਪ-ਮਹਾਂਦੀਪ ਲਈ ਨੁਕਸਾਨਦੇਹ ਹੈ।' ਉਨ੍ਹਾਂ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਬਣਨ ਮਗਰੋਂ ਪ੍ਰਧਾਨ ਮੰਤਰੀ ਹਾਊਸ ਵਿਚ ਨਹੀਂ ਰਹਿਣਗੇ। 

ਚੀਨ ਵੱਡੀ ਮਿਸਾਲ, ਗ਼ਰੀਬੀ ਨਾਲ ਲੜਾਂਗਾ
ਇਮਰਾਨ ਖ਼ਾਨ ਨੇ ਕਿਹਾ ਕਿ ਗ਼ਰੀਬੀ ਵੱਡੀ ਚੁਨੌਤੀ ਹੈ ਜਿਸ ਵਿਰੁਧ ਲੜਨਾ ਹੈ। ਚੀਨ ਸਾਡੇ ਲਈ ਮਿਸਾਲ ਹੈ। ਪਿਛਲੇ30 ਸਾਲਾਂ ਵਿਚ ਚੀਨ ਨੇ 70 ਕਰੋੜ ਲੋਕ ਗ਼ਰੀਬੀ ਰੇਖਾਂ ਵਿਚੋਂ ਬਾਹਰ ਕੱਢੇ। ਅਸੀਂ ਦੇਸ਼ ਦੇ ਕਿਸਾਨਾਂ, ਗ਼ਰੀਬਾਂ ਲਈ ਕੰਮ ਕਰਾਂਗੇ। ਅਸੀਂ ਕਮਜ਼ੋਰ ਤਬਕੇ ਲਈ ਨੀਤੀਆਂ ਬਣਾਵਾਂਗੇ। ਮੈਂ ਪਾਕਿਸਤਾਨ ਵਿਚ ਇਨਸਾਨੀਅਤ ਦਾ ਰਾਜ ਵੇਖਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ, 'ਮੈਂ ਲੋਕਾਂ ਦੇ ਪੈਸੇ ਦੀ ਰਾਖੀ ਕਰਾਂਗਾ। ਪਹਿਲਾਂ ਲੀਡਰ ਖ਼ੁਦ 'ਤੇ ਖ਼ਰਚ ਕਰਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ।

ਭਾਰਤੀ ਮੀਡੀਆ ਨੇ ਮੈਨੂੰ ਖਲਨਾਇਕ ਬਣਾਇਆ
ਇਮਰਾਨ ਖ਼ਾਨ ਨੇ ਪ੍ਰੈਸ ਕਾਨਫ਼ਰੰਸ ਵਿਚ ਗ਼ਰੀਬੀ, ਭ੍ਰਿਸ਼ਟਾਚਾਰ, ਅਤਿਵਾਦ, ਕਸ਼ਮੀਰ ਮੁੱਦੇ ਸਮੇਤ ਕਈ ਵਿਸ਼ਿਆਂ 'ਤੇ ਖੁਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਦੇ ਲੋਕਾਂ ਦਾ ਜੀਵਨ ਪੱਧਰ ਕਾਫ਼ੀ ਉੱਚਾ ਹੈ। ਉਨ੍ਹਾਂ ਕਿਹਾ, 'ਮੈਂ ਅੱਲਾ ਦਾ ਧਨਵਾਦ ਕਰਦਾ ਹਾਂ। 22 ਸਾਲਾਂ ਦੀ ਸਖ਼ਤ ਮਿਹਨਤ ਮਗਰੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਪਾਕਿਸਤਾਨ ਵਿਚ ਲੋਕਤੰਤਰ ਮਜ਼ਬੂਤ ਹੁੰਦਿਆਂ ਵੇਖ ਰਿਹਾ ਹਾਂ। ਕਈ ਅਤਿਵਾਦੀ ਹਮਲਿਆਂ ਦੇ ਬਾਵਜੂਦ ਚੋਣਾਂ ਸਫ਼ਲ ਰਹੀਆਂ। ਸੁਰੱਖਿਆ ਬਲਾਂ ਨੂ ਨੂੰਵੀਧਾਈ ਦਿੰਦਾ ਹਾਂ।' ਉਨ੍ਹਾਂ ਇਹ ਵੀ ਕਿਹਾ ਕਿ ਹਿੰਦੁਸਤਾਨ ਦੇ ਮੀਡੀਆ ਨੇ ਉਸ ਨੂੰ ਖਲਨਾਇਕ ਵਜੋਂ ਪੇਸ਼ ਕੀਤਾ ਹੈ।