ਕਦੇ ਏ.ਸੀ. ਵੀ ਖ਼ਰੀਦਣ ਦੀ ਜ਼ਰੂਰਤ ਨਹੀਂ ਪਈ ਸੀ, ਹੁਣ ਲੂ ਨੇ ਸਾੜੇ ਠੰਢੇ ਮੁਲਕਾਂ ਵਾਲੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਰੋਪ 'ਚ ਗਰਮੀ ਨੇ ਤੋੜੇ ਸਾਰੇ ਰੀਕਾਰਡ

Europe is battling an unprecedented heat wave

ਪੈਰਿਸ: ਪੈਰਿਸ, ਲੰਦਨ ਅਤੇ ਯੂਰੋਪ ਦੇ ਸਾਰੇ ਇਲਾਕੇ ਇਸ ਵੇਲੇ ਭਿਆਨਕ ਗਰਮੀ ਅਤੇ ਲੂ ਦੀ ਮਾਰ ਝੱਲ ਰਹੇ ਹਨ। ਹਾਲਤ ਇਹ ਹੈ ਕਿ ਤਾਪਮਨ ਇੱਥੇ ਨਵੇਂ ਰੀਕਾਰਡ ਬਣਾ ਰਿਹਾ ਹੈ ਅਤੇ ਲੂ ਦੇ ਥਪੇੜੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰ ਰਹੇ ਹਨ। ਫ਼ਰਾਂਸ 'ਚ ਤਾਂ ਗਰਮੀ ਨੇ ਸੱਤ ਦਹਾਕਿਆਂ ਦਾ ਰੀਕਾਰਡ ਤੋੜ ਦਿਤਾ। ਯੂਰੋਪ 'ਚ ਆਮ ਤੌਰ 'ਤੇ ਏ.ਸੀ. ਵਰਤਣ ਦਾ ਰਿਵਾਜ ਬਹੁਤ ਘੱਟ ਹੈ ਅਤੇ ਉਹ ਏਨੀ ਗਰਮੀ ਨਾਲ ਨਜਿੱਠਣ ਲਈ ਤਿਆਰ ਨਹੀਂ ਦਿਖਦਾ। ਬੈਲਜੀਅਮ ਦੇ ਮੌਸਮ ਵਿਗਿਆਨੀਆਂ ਨੇ ਬੁਧਵਾਰ ਨੂੰ ਦੇਸ਼ ਦਾ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ।

ਪੂਰਬੀ ਸ਼ਹਿਰ ਲੇਗੇ 'ਚ ਇਕ ਦਿਨ ਪਹਿਲਾਂ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਦਰਜ ਕੀਤਾ ਗਿਆ ਜੋ ਕਿ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਹੈ। ਗਰਮੀ ਕਰ ਕੇ ਆਵਾਜਾਈ 'ਤੇ ਬੁਰਾ ਅਸਰ ਪਿਆ ਹੈ ਅਤੇ ਸੁਰੱਖਿਆ ਚੇਤਾਵਨੀ ਜਾਰੀ ਕਰ ਦਿਤੀ ਗਈ ਹੈ। ਉਧਰ ਫ਼ਰਾਂਸ ਦੀ ਰਾਜਧਾਨੀ ਪੈਰਿਸ 'ਚ ਵੀਰਵਾਰ ਦਾ ਦਿਨ ਸੱਭ ਤੋਂ ਗਰਮ ਰਿਹਾ ਅਤੇ ਸੱਤ ਦਹਾਕਿਆਂ ਦਾ ਰੀਕਾਰਡ ਟੁੱਟ ਗਿਆ। ਯੂਰੋਪ ਇਸ ਸਮੇਂ ਲੂ ਦੀ ਮਾਰ ਹੇਠ ਹੈ। ਮੌਸਮ ਸੇਵਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਮੋਂਟਸੋਰਿਸ ਖੇਤਰ 'ਚ 41 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਨੇ ਜੁਲਾਈ 1947 'ਚ 40.4 ਡਿਗਰੀ ਤਾਪਮਾਨ ਦਾ ਰੀਕਾਰਡ ਤੋੜ ਦਿਤਾ ਹੈ।

ਅਜਿਹੇ 'ਚ ਸੈਲਾਨੀ ਜਨਤਕ ਫ਼ੁਹਾਰਿਆਂ ਹੇਠਾਂ ਰਾਹਤ ਪਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ ਜਦਕਿ ਅਧਿਕਾਰੀ ਅਤੇ ਸਵੈਮਸੇਵੀ ਭਿਆਨਕ ਗਰਮੀ ਦੇ ਇਸ ਸਮੇਂ 'ਚ ਬਜ਼ੁਰਗਾਂ, ਬੀਮਾਰਾਂ ਅਤੇ ਬੇਘਰਾਂ ਦੀ ਮਦਦ ਕਰਦੇ ਵੇਖੇ ਜਾ ਰਹੇ ਹਨ। ਬ੍ਰਿਟੇਨ ਅਤੇ ਫ਼ਰਾਂਸ 'ਚ ਰੇਲ ਸੇਵਾ ਰੱਦ ਕਰ ਦਿਤੀ ਗਈ ਹੈ ਅਤੇ ਫ਼ਰੈਂਚ ਅਧਿਕਾਰੀਆਂ ਨੇ ਯਾਤਰੀਆਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਉੱਤਰੀ ਅਫ਼ਰੀਕਾ ਤੋਂ ਆ ਰਹੀ ਗਰਮ ਅਤੇ ਸੁੱਕੀ ਹਵਾ ਕਰ ਕੇ ਤਾਪਮਾਨ ਅਜੇ ਵੀ ਵੱਧ ਰਿਹਾ ਹੈ। ਲੰਦਨ 'ਚ ਤਾਪਮਾਨ 39 ਡਿਗਰੀ ਸੈਲਸੀਅਸ ਪੁੱਜਣ ਦੀ ਉਮੀਦ ਹੈ। ਜਰਮਨੀ, ਨੀਦਰਲੈਂਡਸ, ਲਕਜ਼ਮਬਰਗ ਅਤੇ ਸਵਿਟਜ਼ਰਲੈਂਡ 'ਚ ਪਾਰਾ 40 ਡਿਗਰੀ ਸੈਲਸੀਅਸ ਦੇ ਪਾਰ ਜਾ ਸਕਦਾ ਹੈ। 

ਉਧਰ ਆਲਮੀ ਤਾਪਮਾਨ 20ਵੀਂ ਸਦੀ 'ਚ ਘੱਟ ਤੋਂ ਘੱਟ ਪਿਛਲੇ 2000 ਸਾਲਾਂ ਤੋਂ ਸੱਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ ਜਿਸ ਨਾਲ ਇਸ ਤਾਪ ਦਾ ਅਸਰ ਇਕੋ ਸਮੇਂ ਪੂਰੇ ਗ੍ਰਹਿ ਨੂੰ ਪ੍ਰਭਾਵਤ ਕਰ ਰਿਹਾ ਹੈ। ਇਕ ਅਧਿਐਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਜਿਹਾ ਮੰਨਿਆ ਜਾਂਦਾ ਸੀ ਕਿ 'ਲਿਟਲ ਆਇਸ ਏਜ' (1300 ਤੋਂ 1850 ਏ.ਡੀ. ਤਕ ਦਾ ਸਮਾਂ) ਅਤੇ ਇਸੇ ਤਰ੍ਰਾਂ ਮਸ਼ਹੂਰ 'ਮਿਡੀਵਲ ਵਾਰਮ ਪੀਰੀਅ' ਆਲਮਾ ਘਟਨਾਵਾਂ ਹਨ। ਹਾਲਾਂਕਿ ਸਵਿਟਜ਼ਰਲੈਂਡ ਦੇ ਬਰਨ ਯੂਨੀਵਰਸਟੀ ਦੇ ਖੋਜੀਆਂ ਨੇ ਕਥਿਤ ਕੌਮਾਂਤਰੀ ਜਲਵਾਯੂ ਤਬਦੀਲੀਆਂ ਦੀ ਇਕ ਵਖਰੀ ਹੀ ਤਸਵੀਰ ਸਾਹਮਣੇ ਰੱਖੀ ਹੈ। ਉਨ੍ਹਾਂ ਦੀ ਖੋਜ ਦਰਸਾਉਂਦੀ ਹੈ ਕਿ ਪਿਛਲੇ 2000 ਸਾਲ 'ਚ ਪੂਰੇ ਵਿਸ਼ਵ 'ਚ ਇਕੋ ਜਿਹਾ ਗਰਮ ਜਾਂ ਸਰਦ ਸਮਾਂ ਰਿਹਾ ਹੋਵੇ, ਇਸ ਗੱਲ ਦੇ ਕੋਈ ਸਬੂਤ ਨਹੀਂ ਹਨ।   

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ