8ਵੀਂ ਕਲਾਸ ਤਕ ਦੇ ਬੱਚਿਆਂ ਦੀਆਂ ਗਰਮੀ ਦੀਆਂ ਛੁੱਟੀਆਂ 'ਚ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

8 ਜੁਲਾਈ ਨੂੰ ਖੁਲ੍ਹਣਗੇ ਸਕੂਲ

Heat wave: Delhi schools extend summer vacation for a week for students up to Class 8

ਨਵੀਂ ਦਿੱਲੀ : ਰਾਜਧਾਨੀ ਦਿੱਲੀ 'ਚ ਲਗਾਤਾਰ ਵੱਧ ਰਹੀ ਗਰਮੀ ਨੂੰ ਵੇਖਦਿਆਂ ਦਿੱਲੀ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ 'ਚ ਇਕ ਹਫ਼ਤੇ ਦਾ ਹੋਰ ਵਾਧਾ ਕਰ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਅਠਵੀਂ ਜਮਾਤ ਤਕ ਦੇ ਸਕੂਲ 8 ਜੁਲਾਈ ਨੂੰ ਖੁਲ੍ਹਣਗੇ, ਜਦਕਿ ਇਸ ਤੋਂ ਉੱਪਰਲੀਆਂ ਜਮਾਤਾਂ ਸੋਮਵਾਰ 1 ਜੁਲਾਈ ਤੋਂ ਆਪਣੇ ਨਿਰਧਾਰਤ ਸਮੇਂ ਅਨੁਸਾਰ ਹੀ ਸ਼ੁਰੂ ਹੋਣਗੀਆਂ। 

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ 'ਚ ਗਰਮੀ ਨੂੰ ਵੇਖਦਿਆਂ ਅਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਗਰਮੀ ਦੀਆਂ ਛੁੱਟੀਆਂ 8 ਜੁਲਾਈ ਤਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬਾਕੀ ਜਮਾਤਾਂ ਲਈ ਸਕੂਲ ਪਹਿਲਾਂ ਤੋਂ ਤੈਅ ਸਮੇਂ ਮੁਤਾਬਕ ਖੁੱਲ੍ਹਣਗੇ। ਮਨੀਸ਼ ਸਿਸੋਦੀਆ, ਜੋ ਸਿਖਿਆ ਮੰਤਰੀ ਵੀ ਹਨ, ਨੇ ਸਪਸ਼ਟ ਕੀਤਾ ਕਿ ਇਹ ਆਦੇਸ਼ ਸਰਕਾਰੀ ਅਤੇ ਨਿੱਜੀ ਦੋਹਾਂ ਸਕੂਲਾਂ ਲਈ ਲਾਗੂ ਹੋਣਗੇ।

ਮੌਸਮ ਵਿਭਾਗ ਮੁਤਾਬਕ ਪੱਛਮੀ ਦਿਸ਼ਾ ਤੋਂ ਗਰਮ ਹਵਾ ਦਿੱਲੀ ਵੱਲ ਪਹੁੰਚ ਰਹੀ ਹੈ। ਇਸ ਨਾਲ ਮੌਸਮ ਦਾ ਮਿਜ਼ਾਜ ਇਕ ਵਾਰ ਫਿਰ ਬਦਲ ਰਿਹਾ ਹੈ। ਦਿੱਲੀ 'ਚ ਸੋਮਵਾਰ ਤਕ ਗਰਮ ਹਵਾ ਚੱਲਣ ਦਾ ਸਿਲਸਲਾ ਜਾਰੀ ਰਹੇਗਾ। ਸੋਮਵਾਰ ਨੂੰ ਤਾਪਮਾਨ 43 ਡਿਗਰੀ ਸੈਲਸੀਅਸ ਤਕ ਰਹਿਣ ਦਾ ਅਨੁਮਾਨ ਹੈ। ਸੋਮਵਾਰ ਤੋਂ ਬਾਅਦ 2 ਤੋਂ 5 ਜੁਲਾਈ ਤਕ ਦਿੱਲੀ 'ਚ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ।