ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਦੀ ਲਗਾਤਾਰ ਤੀਜੀ ਜਿੱਤ, ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ!

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਦੀ ਸੈਮੀਫ਼ਾਈਨਲ 'ਚ ਥਾਂ ਹੋਈ ਪੱਕੀ

File photo

ਮੈਲਬੌਰਨ : ਨੌਜਵਾਨ ਸਲਾਮੀ ਬੱਲੇਬਾਜ਼ ਸ਼ੇਫ਼ਾਲੀ ਵਰਮਾ ਦੀ ਤੇਜ਼ਤਰਾਰ ਪਾਰੀ ਅਤੇ ਗੇਂਦਬਾਜ਼ਾਂ ਦੇ ਇਕ ਹੋਰ ਚੰਗੇ ਪ੍ਰਦਰਸ਼ਨ ਨਾਲ ਭਾਰਤ ਨੇ ਵੀਰਵਾਰ ਨੂੰ ਇਥੇ ਨਿਊਜ਼ੀਲੈਂਡ 'ਤੇ ਰੋਮਾਂਚਕ ਮੈਚ ਵਿਚ 4 ਦੌੜਾਂ ਨਾਲ ਜਿੱਤ ਦੀ ਹੈਟ੍ਰਿਕ (ਤੀਜੀ ਜਿੱਤ) ਪੂਰੀ ਕਰਨ ਨਾਲ ਸੈਮੀਫ਼ਾਈਨਲ ਵਿਚ ਥਾਂ ਪੱਕੀ ਕੀਤੀ।

ਸੋਲਾਂ ਸਾਲ ਦੀ ਸ਼ੇਫ਼ਾਲੀ ਨੇ 34 ਗੇਂਦਾਂ 'ਤੇ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ ਪਰ ਇਸ ਦੇ ਬਾਵਜੂਦ ਭਾਰਤੀ ਟੀਮ ਪਹਿਲੇ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ 8 ਵਿਕਟਾ 'ਤੇ 133 ਦੌੜਾਂ ਹੀ ਬਣਾ ਸਕੀ।

ਭਾਰਤੀ ਗੇਂਦਬਾਜ਼ਾਂ ਨੇ ਹਾਲਾਂਕਿ ਫਿਰ ਤੋਂ ਉਮੀਦ ਅਨੁਸਾਰ ਘੱਟ ਦੌੜਾਂ ਦਾ ਚੰਗਾ ਬਚਾਅ ਕੀਤਾ ਅਤੇ ਏਮੀਲੀਆ ਕੇਰ (19 ਗੇਂਦਾਂ 'ਤੇ ਅਜੇਤੂ 34 ਦੌੜਾਂ) ਦੇ ਆਖ਼ਰੀ ਪਲਾਂ ਦੇ ਧਮਾਲ ਦੇ ਬਾਵਜੂਦ ਨਿਊਜ਼ੀਲੈਂਡ ਨੂੰ 6 ਵਿਕਟਾਂ ਦੇ ਨੁਕਸਾਨ ਨਾਲ 129 ਦੌੜਾਂ 'ਤੇ ਰੋਕ ਦਿਤਾ।  ਭਾਰਤੀ ਟੀਮ ਦੀ ਇਹ ਲਗਾਤਾਰ ਤੀਜੀ ਜਿੱਤ ਹੈ।

ਉਸ ਨੇ ਇਸ ਤੋਂ ਪਹਿਲਾਂ ਮੌਜੂਦਾ ਚੈਂਪੀਅਨਸ਼ਿਪ ਆਸਟ੍ਰੇਲੀਆ ਨੂੰ 17 ਦੌੜਾਂ ਅਤੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ। ਭਾਰਤੀ ਗਰੁੱਪ 'ਏ' ਵਿਚ ਤਿੰਨ ਮੈਚਾਂ ਵਿਚ ਛੇ ਅੰਕ ਲੈ ਕੇ ਚੋਟੀ 'ਤੇ ਹੈ ਅਤੇ ਉਹ ਸੈਮੀਫ਼ਾਈਨਲ ਵਿਚ ਥਾਂ ਬਨਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਭਾਰਤੀ ਟੀਮ ਅਪਣਾ ਆਖ਼ਰੀ ਮੈਚ ਸਨਿਚਰਵਾਰ ਨੂੰ ਸ੍ਰੀਲੰਕਾ ਵਿਚ ਖੇਡੇਗੀ।

ਭਾਰਤ ਦੇ ਸਪਿਨਰਾਂ ਨੇ ਸ਼ੁਰੂਆਤ ਚੰਗੀ ਕਰਾਈ ਪਰ ਦੀਪਤੀ ਸ਼ਰਮਾਂ ਦੇ ਓਵਰਾਂ ਵਿਚ 12 ਦੌੜਾਂ ਬਣ ਗਈਆਂ ਜਿਸ ਵਿਚ ਸਲਾਮੀ ਬੱਲੇਬਾਜ਼ ਰਾਚੇਲ ਪ੍ਰੀਸਟ 12 ਦੌੜਾਂ ਦੇ ਦੋ ਚੌਕੇ ਸ਼ਾਮਲ ਹਨ। ਤਜ਼ਰਬੇਕਾਰ ਸ਼ਿਖ਼ਾ ਪਾਂਡੇ ਨੇ ਹਾਲਾਂਕਿ ਪ੍ਰੀਸਟ ਨੂੰ ਅਗਲੇ ਓਵਰ ਵਿਚ ਆਊਟ ਕਰ ਦਿਤਾ।

ਭਾਰਤ ਵਲੋਂ 16 ਸਾਲ ਦੀ ਸ਼ੇਫ਼ਾਲੀ ਨੇ ਫਿਰ ਤੋਂ ਟੀਮ ਨੂੰ ਤੂਫ਼ਾਨੀ ਸ਼ੁਰੂਆਤ ਦਿਵਾਈ। ਭਾਰਤ ਨੇ ਪਾਵਰਪਲੇਅ ਦੇ ਓਵਰਾਂ ਵਿਚ 49 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਹਾਲਾਂਕਿ 43 ਦੌੜਾਂ ਅੰਦਰ ਛੇ ਵਿਕਟ ਗਵਾ ਦਿਤੇ ਜਿਸ ਨਾਲ ਉਹ ਇਸ ਸ਼ੁਰੂਆਤ ਦਾ ਫ਼ਾਇਦਾ ਨਹੀਂ ਚੁੱਕ ਸਕੀ। ਅਠਵੇਂ ਅਤੇ ਦਸਵੇਂ ਓਵਰ ਵਿਚ ਜੀਵਨਦਾਨ ਮਿਲਣ ਵਾਲੀ ਸ਼ੇਫ਼ਾਲੀ ਨੇ ਵੀ ਕੇਰ ਦੀ ਗੇਂਦ 'ਤੇ ਡੀਪ ਐਸਟਰਾ ਕਵਰ 'ਤੇ ਹੇਲੀ ਜੇਨਸਨ ਨੂੰ ਕੈਚ ਦਿਤਾ। ਸ਼ੇਫ਼ਾਲੀ ਨੂੰ ਮੈਚ ਦੀ ਚੋਟੀ ਦੀ ਖਿਡਾਰੀ ਚੁਣਿਆ ਗਿਆ।