Russia-Ukraine War: ਯੂਕਰੇਨ ਨੂੰ 35 ਕਰੋੜ ਡਾਲਰ ਦੇ ਹਥਿਆਰ ਦੇਵੇਗਾ ਅਮਰੀਕਾ, ਮਦਦ ਲਈ ਹੋਰ ਪੱਛਮੀ ਦੇਸ਼ ਵੀ ਆਏ ਅੱਗੇ
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਜੰਗ ਪ੍ਰਭਾਵਿਤ ਯੂਕਰੇਨ ਨੂੰ ਅਮਰੀਕੀ ਹਥਿਆਰ ਭੰਡਾਰ ਵਿਚੋਂ 350 ਮਿਲੀਅਨ ਡਾਲਰ ਦੇ ਵਾਧੂ ਹਥਿਆਰ ਭੇਜਣ ਦੇ ਨਿਰਦੇਸ਼ ਦਿੱਤੇ ਹਨ।
ਕੀਵ: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਜੰਗ ਪ੍ਰਭਾਵਿਤ ਯੂਕਰੇਨ ਨੂੰ ਅਮਰੀਕੀ ਹਥਿਆਰ ਭੰਡਾਰ ਵਿਚੋਂ 350 ਮਿਲੀਅਨ ਡਾਲਰ ਦੇ ਵਾਧੂ ਹਥਿਆਰ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਇਸ ਮਨਜ਼ੂਰੀ ਦੇ ਤਹਿਤ ਐਂਟੀ-ਆਰਮਰ, ਛੋਟੇ ਹਥਿਆਰ, ਬਖਤਰਬੰਦ ਕਵਚ ਅਤੇ ਹੋਰ ਕਈ ਹਥਿਆਰ ਭੇਜੇ ਜਾਣਗੇ। ਯੂਕਰੇਨ ਨੇ ਪੱਛਮੀ ਦੇਸ਼ਾਂ ਤੋਂ ਜੈਵਲਿਨ ਐਂਟੀ-ਟੈਂਕ ਸਿਸਟਮ ਅਤੇ ਸਟਿੰਗਰ ਮਿਜ਼ਾਈਲਾਂ ਦੀ ਮੰਗ ਕੀਤੀ ਹੈ।
Joe Biden
ਇਸ ਮੰਗ 'ਤੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਯੂਕਰੇਨ ਨੂੰ 1000 ਐਂਟੀ-ਟੈਂਕ ਸਿਸਟਮ ਅਤੇ 500 ਸਟਿੰਗਰ ਮਿਜ਼ਾਈਲਾਂ ਦੀ ਸਪਲਾਈ ਕਰਨ ਦਾ ਐਲਾਨ ਕੀਤਾ ਹੈ। ਫਰਾਂਸ, ਬੈਲਜੀਅਮ, ਪੋਲੈਂਡ, ਚੈੱਕ ਗਣਰਾਜ ਅਤੇ ਨੀਦਰਲੈਂਡ ਨੇ ਵੀ ਯੂਕਰੇਨ ਦੀ ਅਪੀਲ 'ਤੇ ਤੁਰੰਤ ਹਥਿਆਰਾਂ ਦੀ ਸਪਲਾਈ ਦਾ ਐਲਾਨ ਕੀਤਾ ਹੈ। ਬਿਡੇਨ ਪ੍ਰਸ਼ਾਸਨ ਨੇ ਅਮਰੀਕੀ ਸੰਸਦ ਤੋਂ ਰੂਸੀ ਹਮਲੇ ਦੇ ਵਿਰੁੱਧ ਸ਼ੁਰੂਆਤੀ ਸਹਾਇਤਾ ਲਈ 6.4 ਬਿਲੀਅਨ ਡਾਲਰ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਕਮ ਵੱਡੇ ਪੱਧਰ 'ਤੇ ਫੌਜੀ ਅਤੇ ਮਨੁੱਖੀ ਸਹਾਇਤਾ ਲਈ ਵਰਤੀ ਜਾਵੇਗੀ।
Russia-Ukraine crisis
ਸਰਕਾਰ ਰੱਖਿਆ ਵਿਭਾਗ ਲਈ 3.5 ਬਿਲੀਅਨ ਡਾਲਰ ਅਤੇ ਯੂਕਰੇਨ, ਪੋਲੈਂਡ ਅਤੇ ਹੋਰ ਪੂਰਬੀ ਯੂਰਪੀਅਨ ਦੇਸ਼ਾਂ ਵਿਚ ਅਮਰੀਕੀ ਸਹਾਇਤਾ ਅਤੇ ਹੋਰ ਪ੍ਰੋਗਰਾਮਾਂ ਲਈ 2.9 ਬਿਲੀਅਨ ਡਾਲਰ ਚਾਹੁੰਦੀ ਹੈ। ਇਸ ਰਕਮ ਦੀ ਵਰਤੋਂ ਮਨੁੱਖੀ, ਊਰਜਾ ਅਤੇ ਆਰਥਿਕ ਸਹਾਇਤਾ ਅਤੇ ਰੂਸੀ ਸਾਈਬਰ ਹਮਲਿਆਂ ਨੂੰ ਨਾਕਾਮ ਕਰਨ ਲਈ ਵੀ ਕੀਤੀ ਜਾਵੇਗੀ। ਹਾਲਾਂਕਿ ਪਹਿਲਾਂ ਇਹ ਸਹਾਇਤਾ 10 ਬਿਲੀਅਨ ਡਾਲਰ ਦੇ ਕਰੀਬ ਦੱਸੀ ਜਾ ਰਹੀ ਸੀ।
US Announces $350 Million In Military Aid To Ukraine
ਚੈੱਕ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਨੂੰ ਭੇਜੇ ਗਏ ਫੌਜੀ ਉਪਕਰਣਾਂ ਵਿਚ ਮਸ਼ੀਨ ਗਨ, ਅਸਾਲਟ ਰਾਈਫਲਾਂ ਅਤੇ ਹੋਰ ਹਲਕੇ ਹਥਿਆਰ ਸ਼ਾਮਲ ਹਨ। ਭਵਿੱਖ ਵਿਚ ਵੀ ਫੌਜੀ ਸਹਾਇਤਾ ਜਾਰੀ ਰਹੇਗੀ। ਨੀਦਰਲੈਂਡ ਜਲਦ ਤੋਂ ਜਲਦ ਯੂਕਰੇਨ ਦੀ ਹਵਾਈ ਰੱਖਿਆ ਨੂੰ ਮਜ਼ਬੂਤ ਕਰੇਗਾ। ਸ਼ਨੀਵਾਰ ਨੂੰ ਸਰਕਾਰ ਨੇ ਸੰਸਦ ਨੂੰ ਦੱਸਿਆ ਕਿ ਨੀਦਰਲੈਂਡ ਯੂਕਰੇਨ ਦੀ ਬੇਨਤੀ ਤੋਂ ਬਾਅਦ ਉਸ ਨੂੰ 200 ਹਵਾਈ ਰੱਖਿਆ ਰਾਕੇਟ ਪ੍ਰਦਾਨ ਕਰਨ ਜਾ ਰਿਹਾ ਹੈ।
Russia-Ukraine crisis
ਇਸ ਤੋਂ ਪਹਿਲਾਂ ਕੀਵ ਦੀ ਮਦਦ ਲਈ ਰਾਈਫਲਾਂ, ਰਾਡਾਰ ਸਿਸਟਮ, ਮਾਈਨ ਡਿਟੈਕਸ਼ਨ ਰੋਬੋਟ ਸਮੇਤ ਕਈ ਹੋਰ ਉਪਕਰਨ ਅਤੇ ਹਥਿਆਰ ਭੇਜੇ ਜਾ ਚੁੱਕੇ ਹਨ। ਫਰਾਂਸ ਸਰਕਾਰ ਨੇ ਹਮਲੇ ਨੂੰ ਰੋਕਣ ਲਈ ਫੌਜੀ ਸਾਮਾਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਅਸਾਲਟ ਹਥਿਆਰ ਭੇਜਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਫਰਾਂਸ ਦੇ ਫੌਜੀ ਮੁਖੀ ਦੇ ਬੁਲਾਰੇ ਨੇ ਕਿਹਾ ਕਿ ਇਸ ਸਮੇਂ ਯੂਕਰੇਨ ਨੂੰ ਹਥਿਆਰ ਅਤੇ ਫੌਜੀ ਸਮਾਨ ਦੀ ਸਪਲਾਈ ਕਰਨ ਵਿਚ ਬਹੁਤ ਮੁਸ਼ਕਲ ਹੋ ਰਹੀ ਹੈ।