ਕੋਰੋਨਾ ਦਾ ਘਰ ਬਣੀਆਂ ਪਾਕਿਸਤਾਨ ਦੀਆਂ ਮਸਜਿਦਾਂ, ਨਿਯਮਾਂ ਦੀ ਸ਼ਰੇਆਮ ਉਲੰਘਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਰਮਜ਼ਾਨ ਦੇ ਦੌਰਾਨ ਮਸਜਿਦਾਂ ਖੋਲ੍ਹਣ ਦੇ ਕੱਟੜਪੰਥੀ ਉਲਮਾ ਦਰਮਿਆਨ

File Photo

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਰਮਜ਼ਾਨ ਦੇ ਦੌਰਾਨ ਮਸਜਿਦਾਂ ਖੋਲ੍ਹਣ ਦੇ ਕੱਟੜਪੰਥੀ ਉਲਮਾ ਦਰਮਿਆਨ ਹੋਏ ਸਮਝੌਤੇ ਦੀ ਖੁੱਲ੍ਹ ਕੇ ਅਲੋਚਨਾ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਵਿਚ 80 ਮਸਜਿਦਾਂ ਦੇ ਉਲਮਾ ਨੇ ਸ਼ਰੇਆਮ ਨਾ ਸਿਰਫ਼ ਭੀੜ ਜਮਾ ਕੀਤੀ ਬਲਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਵੀ ਨਹੀਂ ਕੀਤਾ।

ਉਧਰ ਪਾਕਿਸਤਾਨ ਦੇ ਚੋਟੀ ਦੀ ਇਸਲਾਮਿਕ ਮੈਡੀਕਲ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਮਸਜਿਦਾਂ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਅਧਾਰ ਬਣ ਰਹੀਆਂ ਹਨ, ਇਸ ਲਈ ਲੋਕਾਂ ਨੂੰ ਆਪਣੇ ਘਰਾਂ ਵਿੱਚ ਨਮਾਜ਼ ਅਤੇ ਤਰਾਵੀਹ ਪੜ੍ਹਨੀ ਚਾਹੀਦੀ ਹੈ। ਕੋਰੋਨਾ ਦੀ ਲਾਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ  ਵਿਚ ਲਗਭਗ 80 ਮਸਜਿਦਾਂ ਵਿਚ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੋਈ।

ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਲੋਕਾਂ ਨੇ ਨਾ ਸਿਰਫ਼ ਮਸਜਿਦਾਂ ਵਿਚ ਇਕੱਠੇ ਹੋ ਕੇ ਨਮਾਜ਼ ਪੜ੍ਹੀ ਬਲਕਿ ਮਸਜਿਦ ਵਿਚ ਭੀੜ ਹੋਣ ਕਰ ਕੇ ਲੋਕ ਸੜਕਾਂ 'ਤੇ ਵੀ ਨਮਾਜ਼ ਪੜ੍ਹਨ ਲੱਗੇ। ਸਰਕਾਰ ਵੱਲੋਂ ਮਸਜਿਦ ਦੇ ਖੁੱਲ੍ਹਣ ਦੀਆਂ ਸ਼ਰਤਾਂ ਅਨੁਸਾਰ ਲੋਕਾਂ ਨੇ 6 ਫੁੱਟ ਦਾ ਫਾਸਲਾ ਰੱਖਣਾ ਸੀ ਪਰ ਇਸ ਦੇ ਉਲਟ ਲੋਕ ਇਕ ਦੂਜੇ ਨੂੰ ਗਲੇ ਲਗਾਉਂਦੇ ਦਿਖਾਈ ਦਿੱਤੇ। ਸਿਰਫ ਪੰਜਾਬ ਹੀ ਨਹੀਂ, ਅਜਿਹੀਆਂ ਤਸਵੀਰਾਂ ਇਸਲਾਮਾਬਾਦ, ਸਿੰਧ, ਖੈਬਰ ਪਖਤੂਨ ਅਤੇ ਕਰਾਚੀ ਵਰਗੇ ਸ਼ਹਿਰਾਂ ਦੀਆਂ 194 ਮਸਜਿਦਾਂ ਤੋਂ ਆਈਆਂ ਹਨ ਜਿਥੇ ਨਿਯਮਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸੀ।

ਇਨ੍ਹਾਂ ਮਸਜਿਦਾਂ ਵਿਚੋਂ 89 ਵਿਚ ਲੋਕ ਮਾਸਕ ਵੀ ਨਹੀਂ ਪਹਿਨ ਰਹੇ ਸਨ ਅਤੇ ਨਿਯਮਾਂ ਦੀ ਉਲੰਘਣਾ ਕਰਦਿਆਂ ਬੱਚਿਆਂ ਨੂੰ ਵੀ ਨਮਾਜ਼ ਪੜ੍ਹਨ ਲਈ ਨਾਲ ਲਿਆਂਦਾ ਗਿਆ ਸੀ। ਰਮਜ਼ਾਨ ਦੌਰਾਨ ਮਸਜਿਦਾਂ ਵਿਚ ਨਮਾਜ਼ ਦੀ ਆਗਿਆ ਦੇਣ ਲਈ ਰਾਸ਼ਟਰਪਤੀ ਆਰਿਫ ਅਲਵੀ ਅਤੇ ਮੌਲਾਨਾ ਵਿਚਕਾਰ ਜਿਹੜੀਆਂ 20 ਸ਼ਰਤਾਂ ਰੱਖੀਆਂ ਗਈਆਂ ਸਨ, ਉਨ੍ਹਾਂ ਦਾ ਪੂਰੀ ਤਰ੍ਹਾਂ ਪਾਲਣ ਨਹੀਂ ਕੀਤਾ ਜਾ ਰਿਹਾ।

ਅਲਵੀ ਨੇ ਮਸਜਿਦਾਂ ਦੇ ਇਮਾਮ ਨੂੰ ਹਾਲਤਾਂ ਦਾ ਹਵਾਲਾ ਦਿੰਦੇ ਹੋਏ ਇਕ ਪੱਤਰ ਲਿਖਿਆ ਹੈ ਅਤੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੇ ਘਰਾਂ ਵਿਚ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ। ਅਲਵੀ ਨੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਮਸਜਿਦ ਪ੍ਰਸ਼ਾਸਨ ਦੁਆਰਾ ਚੁੱਕੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਰਾਵਲਪਿੰਡੀ ਦੀਆਂ ਮਸਜਿਦਾਂ ਦਾ ਦੌਰਾ ਵੀ ਕੀਤਾ।

ਐਤਵਾਰ ਨੂੰ ਇਕ ਦਿਨ ਵਿਚ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 1,508 ਨਵੇਂ ਕੇਸ ਸਾਹਮਣੇ ਆਏ ਹਨ, ਦੇਸ਼ ਵਿਚ ਹੁਣ ਤਕ 13,304 ਲੋਕਾਂ ਦੇ ਕੋਵਿਡ -19 ਵਿਚ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਕਾਰਨ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 272 ਹੋ ਗਈ ਹੈ। ਹੁਣ ਤੱਕ 2,936 ਮਰੀਜ਼ ਲਾਗ ਰਹਿਤ ਹੋ ਚੁੱਕੇ ਹਨ।