ਆਇਰਲੈਂਡ 'ਚ ਜਨਮਤ ਨਾਲ ਬਦਲਿਆ ਦਹਾਕਿਆਂ ਪੁਰਾਣਾ ਕਾਨੂੰਨ, ਗਰਭਪਾਤ 'ਤੇ ਲੱਗੀ ਪਾਬੰਦੀ ਹਟੀ
ਆਇਰਲੈਂਡ 'ਚ ਗਰਭਪਾਤ 'ਤੇ ਪਾਬੰਦੀ ਹਟਾਉਣ 'ਤੇ ਇਕ ਜਨਮਤ ਸੰਗ੍ਰਹਿ ਵਿਚ 66.4 ਲੋਕਾਂ ਨੇ ਇਸ ਦਾ ਸਮਰਥਨ ਕੀਤਾ ਹੈ। ਖ਼ਬਰਾਂ ਮੁਤਾਬਕਾਂ ....
ਡਬਲਿਨ : ਆਇਰਲੈਂਡ 'ਚ ਗਰਭਪਾਤ 'ਤੇ ਪਾਬੰਦੀ ਹਟਾਉਣ 'ਤੇ ਇਕ ਜਨਮਤ ਸੰਗ੍ਰਹਿ ਵਿਚ 66.4 ਲੋਕਾਂ ਨੇ ਇਸ ਦਾ ਸਮਰਥਨ ਕੀਤਾ ਹੈ। ਖ਼ਬਰਾਂ ਮੁਤਾਬਕਾਂ ਮਹਿਲਾ ਦੀ ਜਾਨ ਨੂੰ ਖ਼ਤਰਾ ਹੋਣ ਦੀ ਸਥਿਤੀ ਵਿਚ ਹੀ ਅਜੇ ਗਰਭਪਾਤ ਦੀ ਇਜਾਜ਼ਤ ਹੈ ਅਤੇ ਬਲਾਤਕਾਰ ਦੇ ਮਾਮਲਿਆਂ ਵਿਚ ਇਹ ਨਹੀਂ ਹੈ। ਦਰਅਸਲ ਭਾਰਤੀ ਡਾਕਟਰ ਸਵਿਤਾ ਹਲਪਨਵਾਰ ਨੂੰ ਕਾਨੂੰਨ ਦਾ ਹਵਾਲਾ ਦੇ ਕੇ ਸਾਲ 2012 ਵਿਚ ਆਇਰਸ਼ ਡਾਕਟਰਾਂ ਨੇ ਗਰਭਪਾਤ ਕਰਨ ਤੋਂ ਇਨਕਾਰ ਕਰ ਦਿਤਾ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ।
ਇਸ ਤੋਂ ਸਬਕ ਲੈਂਦੇ ਹੋਏ ਕਰੀਬ ਛੇ ਸਾਲ ਬਾਅਦ ਸਨਿਚਰਵਾਰ ਨੂੰ ਆਇਰਲੈਂਡ ਦੇ ਲੋਕਾਂ ਨੇ ਉਸ ਕਾਨੂੰਨ ਨੂੰ ਹਟਾਉਣ ਦੇ ਲਈ ਸੰਵਿਧਾਨ ਵਿਚ ਹੀ ਬਦਲਾਅ ਕਰਨ ਦੀ ਮਨਜ਼ੂਰੀ ਦੇ ਦਿਤੀ। ਕੈਥੋਲਿਕ ਇਸਾਈ ਧਰਮ ਤੋਂ ਪ੍ਰਭਾਵਤ ਸੰਵਿਧਾਨ ਦੇ ਤਹਿਤ ਗਰਭਪਾਤ ਨਾਲ ਸਬੰਧੀ ਕਾਨੂੰਨ ਵਿਚ ਬਦਲਾਅ ਦੇ ਲਈ ਸਨਿਚਰਵਾਰ ਨੂੰ ਜਨਮਤ ਸੰਗ੍ਰਹਿ ਹੋਇਆ, ਜਿਸ ਵਿਚ 40 ਚੋਣਾਵੀ ਖੇਤਰਾਂ ਦੇ 63.9 ਫ਼ੀਸਦੀ ਲੋਕਾਂ ਨੇ ਵੋਟਿੰਗ ਕੀਤੀ। ਕੁਲ ਪਏ ਵੋਟਾਂ ਵਿਚ ਔਸਤਨ 66.4 ਫੀਸਦੀ ਨੇ ਗਰਭਪਾਤ 'ਤੇ ਪਾਬੰਦੀ ਲਗਾਉਣ ਸਬੰਧੀ ਕਾਨੂੰਨ ਨੂੰ ਬਦਲਣ ਦੇ ਪੱਖ ਵਿਚ ਵੋਟਿੰਗ ਕੀਤੀ, ਜਦਕਿ 33.6 ਫ਼ੀਸਦੀ ਲੋਕ ਵਿਰੁਧ ਖੜ੍ਹੇ ਹੋਏ।
ਡਬਲਿਨ ਕੈਸਲ ਵਿਚ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 10:52 ਵਜੇ ਅਧਿਕਾਰਕ ਰੂਪ ਨਾਲ ਨਤੀਜਿਆਂ ਦਾ ਐਲਾਨ ਕੀਤਾ ਗਿਆ। ਗਰਭਪਾਤ ਦੀ ਮਨਜ਼ੂਰੀ ਸਬੰਧੀ ਜਨਾਦੇਸ਼ ਦਾ ਐਲਾਨ ਹੁੰਦੇ ਹੀ ਲੋਕਾਂ ਨੇ ਸਵਿਤਾ-ਸਵਿਤਾ ਦੇ ਨਾਅਰੇ ਲਗਾਏ। ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਦਕਰ ਨੇ ਜਨਮਤ ਸੰਗ੍ਰਹਿ ਦੇ ਨਤੀਜਿਆਂ ਦਾ ਐਲਾਨ ਕੀਤਾ। ਵਰਦਕਰ ਨੇ ਕਿਹਾ ਕਿ ਲੋਕਾਂ ਨੇ ਅਪਣੀ ਰਾਇ ਜ਼ਾਹਿਰ ਕਰ ਦਿਤੀ। ਉਨ੍ਹਾਂ ਕਿਹਾ ਕਿ ਇਕ ਆਧੁਨਿਕ ਦੇਸ਼ ਦੇ ਲਈ ਇਕ ਆਧੁਨਿਕ ਸੰਵਿਧਾਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਆਇਰਲੈਂਡ ਦੇ ਵੋਟਰ, ਔਰਤਾਂ ਦੇ ਸਹੀ ਫ਼ੈਸਲਾ ਲੈਣ ਅਤੇ ਅਪਣੇ ਸਿਹਤ ਦੇ ਸਬੰਧ ਵਿਚ ਸਹੀ ਫ਼ੈਸਲਾ ਕਰਨ ਦੇ ਲਈ ਉਨ੍ਹਾਂ ਦਾ ਤਾਲਮੇਲ ਅਤੇ ਉਨ੍ਹਾਂ 'ਤੇ ਯਕੀਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜੋ ਦੇਖਿਆ ਉਹ ਆਇਰਲੈਂਡ ਵਿਚ ਪਿਛਲੇ 20 ਸਾਲਾਂ ਤੋਂ ਹੋ ਰਹੀ ਸ਼ਾਂਤ ਕ੍ਰਾਂਤੀ ਦਾ ਨਤੀਜਾ ਹੈ। ਅੱਠਵੀਂ ਸੋਧ ਨੂੰ ਰੱਦ ਕਰਨ ਦੇ ਪੱਖ ਵਿਚ ਪਏ ਵੋਟ ਕਾਨੂੰਨ ਵਿਚ ਬਦਲਾਅ ਦੇ ਲਈ ਆਇਰਲੈਂਡ ਦੀ ਸੰਸਦ ਦਾ ਮਾਰਗ ਸਾਫ਼ ਕਰਦੇ ਹਨ।
ਜ਼ਿਕਰਯੋਗ ਹੈ ਕਿ ਆਇਰਲੈਂਡ ਵਿਚ ਭਾਰਤੀ ਦੰਦਾਂ ਦੀ ਡਾਕਟਰ ਸਵਿਤਾ ਹਲਪਨਵਾਰ ਨੂੰ 2012 ਵਿਚ ਗਰਭਪਾਤ ਦੀ ਇਜਾਜ਼ਤ ਨਾ ਮਿਲਣ 'ਤੇ ਇਕ ਹਸਤਪਾਲ ਵਿਚ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਨੇ ਦੇਸ਼ ਵਿਚ ਗਰਭਪਾਤ 'ਤੇ ਚਰਚਾ ਛੇੜ ਦਿਤੀ। ਸਵਿਤਾ ਦੇ ਪਿਤਾ ਆਨੰਦੱਪਾ ਯਾਲਗੀ ਨੇ ਕਰਨਾਟਕ ਸਥਿਤ ਅਪਣੇ ਘਰ ਤੋਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਇਰਲੈਂਡ ਦੇ ਲੋਕ ਉਨ੍ਹਾਂ ਦੀ ਬੇਟੀ ਨੂੰ ਯਾਦ ਰੱਖਣਗੇ।