ਹਿੰਸਾ ਨੂੰ ਰੋਕਣ ਲਈ ਠੋਸ ਕਾਰਵਾਈ ਕਰੇ ਭਾਰਤ: ਅਮਰੀਕਾ
ਝਾਰਖੰਡ ਵਿਚ ਮੁਸਲਿਮ ਨੌਜਵਾਨ ਦੇ ਕਤਲ ਦਾ ਮਾਮਲਾ
ਹਿਊਸਟਨ : ਝਾਰਖੰਡ ਵਿਚ ਇਕ ਮੁਸਲਿਮ ਨੌਜਵਾਨ ਦੇ ਭੀੜ ਵਲੋਂ ਕੀਤੇ ਗਏ ਕਤਲ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਮਰੀਕਾ ਨੇ ਭਾਰਤ ਨੂੰ ਕਿਹਾ ਹੈ ਕਿ ਅਜਿਹੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਾਰਵਾਈ ਕੀਤੀ ਜਾਵੇ। ਅਮਰੀਕੀ ਕੌਮਾਂਤਰੀ ਧਾਰਮਕ ਆਜ਼ਾਦੀ ਕਮਿਸ਼ਨ ਨੇ ਕਿਹਾ ਕਿ ਭਾਰਤ ਵਿਚ ਵਾਪਰੀ ਇਸ ਘਟਨਾ ਦੀ ਨਿੰਦਾ ਕਰਦਾ ਹੈ। ਕਮਿਸ਼ਨ ਨੇ ਕਿਹਾ ਕਿ ਕੁੱਝ ਲੋਕਾਂ ਨੇ ਪਹਿਲਾਂ 24 ਸਾਲਾ ਤਬਰੇਜ਼ ਅੰਸਾਰੀ ਨਾਂ ਦੇ ਮੁਸਲਿਮ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਸ ਤੋਂ ਜੈ ਸ੍ਰੀਰਾਮ ਦੇ ਨਾਹਰੇ ਲਗਵਾਏ ਗਏ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਕਮਿਸ਼ਨ ਦੇ ਪ੍ਰਧਾਨ ਟੋਨੀ ਪਰਕਿਨਸ ਨੇ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਅੰਸਾਰੀ ਦੇ ਕਤਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਦੇ ਨਾਲ-ਨਾਲ ਸਥਾਨਕ ਪੁਲਿਸ ਦੀ ਭੂਮਿਕਾ ਦੀ ਵੀ ਜਾਂਚ ਕਰ ਕੇ ਠੋਸ ਕਦਮ ਉਠਾਏ ਤਾਕਿ ਅਜਿਹੀ ਹਿੰਸਾ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦਿਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਵਾਬਦੇਹੀ ਦੀ ਘਾਟ ਸਿਰਫ਼ ਉਨ੍ਹਾਂ ਲੋਕਾਂ ਨੂੰ ਉਤਸ਼ਾਹਤ ਕਰੇਗੀ ਜੋ ਇਹ ਮੰਨਦੇ ਹਨ ਕਿ ਉਹ ਧਾਰਮਕ ਘੱਟ-ਗਿਣਤੀਆਂ ਨੂੰ ਸਜ਼ਾ ਦੇਣ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਝਾਰਖੰਡ ਦੇ ਸਰਾਏਕੇਲਾ ਖਰਸਵਾਨ ਜ਼ਿਲ੍ਹੇ ਦੇ ਧਾਤਕੀਡੀਹ ਪਿੰਡ ਵਿਚ ਚੋਰੀ ਦੇ ਸ਼ੱਕ ਵਿਚ ਭੀੜ ਨੇ ਅੰਸਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਇਸ ਘਟਨਾ ਸਬੰਧੀ ਇਕ ਵੀਡੀਉ ਵੀ ਜਾਰੀ ਹੋਇਆ ਸੀ ਜਿਸ ਵਿਚ ਇਹ ਵਿਖਾਈ ਦੇ ਰਿਹਾ ਹੈ ਕਿ ਕੁੱਝ ਲੋਕ ਉਸ ਨੂੰ ਜੈ ਸ੍ਰੀਰਾਮ ਅਤੇ ਜੈ ਹਨੂਮਾਨ ਦੇ ਨਾਹਰੇ ਲਗਾਉਣ ਲਈ ਮਜਬੂਰ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਘਟਨਾ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।