ਮੋਦੀ ਤੋਂ ਸਵਾਲ ਪੁੱਛਣ ਵਾਲੀ ਪੱਤਰਕਾਰ ਨੂੰ ਸੋਸ਼ਲ ਮੀਡੀਆ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਨੂੰ ਵਾਇਟ ਹਾਊਸ ਨੇ ‘ਨਾਮਨਜ਼ੂਰ’ ਦਸਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਦਖਣੀ ਏਸ਼ੀਆਈ ਪੱਤਰਕਾਰ ਐਸੋਸੀਏਸ਼ਨ (ਐਸ.ਏ.ਜੇ.ਈ.) ਨੇ ਸਿੱਦਕੀ ਵਿਰੁਧ ਸੋਸ਼ਲ ਮੀਡੀਆ ’ਤੇ ਬੁਰਾ-ਭਲਾ ਬੋਲਣ ਦੀ ਨਿੰਦਾ

photo

 

ਵਾਸ਼ਿੰਗਟਨ: ਵਾਇਟ ਹਾਊਸ ਨੇ ਰਾਸ਼ਟਰਪਤੀ ਜੋਅ ਬਾਈਡਨ ਦੇ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਪੁੱਛਣ ’ਤੇ ਸੋਸ਼ਲ ਮੀਡੀਆ ’ਤੇ ਇਕ ਅਮਰੀਕੀ ਪੱਤਰਕਾਰ ’ਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ‘ਪੂਰੀ ਤਰ੍ਹਾਂ ਨਾਲ ਨਾਮਨਜ਼ੂਰ’ ਦਸਿਆ ਹੈ।

ਵਾਲ ਸਟ੍ਰੀਟ ਜਰਨਲ ਦੀ ਪੱਤਰਕਾਰ ਸਬਰੀਨਾ ਸਿੱਦਕੀ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤ ’ਚ ਘੱਟ ਗਿਣਤੀਆਂ ਦੇ ਅਧਿਕਾਰਾਂ ਬਾਰੇ ਸਵਾਲ ਕਰਦਿਆਂ ਪੁਛਿਆ ਸੀ ਕਿ ਉਨ੍ਹਾਂ ਦੀ ਸਰਕਾਰ ਇਸ ਦਿਸ਼ਾ ’ਚ ਸੁਧਾਰ ਲਈ ਕੀ ਕਦਮ ਚੁੱਕਣ ’ਤੇ ਵਿਚਾਰ ਕਰ ਰਹੀ ਹੈ।

ਸਾਂਝੀ ਪ੍ਰੈੱਸ ਕਾਨਫ਼ਰੰਸ ਤੋਂ ਇਕ ਦਿਨ ਬਾਅਦ ਇਸ ਪੱਤਰਕਾਰ ਨੂੰ ਮੋਦੀ ਤੋਂ ਸਵਾਲ ਪੁੱਛਣ ਲਈ ਸੋਸ਼ਲ ਮੀਡੀਆ ’ਤੇ ਕੋਸਿਆ ਜਾਣ ਲਗਿਆ ਅਤੇ ਕੁਝ ਲੋਕਾਂ ਨੇ ਦੋਸ਼ ਲਾਇਆ ਕਿ ਉਹ ਸੋਚੇ-ਸਮਝੇ ਤਰੀਕੇ ਨਾਲ ਸਵਾਲ ਪੁੱਛ ਰਹੀ ਸੀ। ਕੁਝ ਨੇ ਤਾਂ ਇਸ ਪੱਤਰਕਾਰ ਨੂੰ ‘ਪਾਕਿਸਤਾਨੀ ਇਸਲਾਮਿਸਟ’ ਵੀ ਕਿਹਾ।

ਰਣਨੀਤਕ ਸੰਚਾਰ ਲਈ ਰਾਸ਼ਟਰੀ ਸੁਰਿਖਆ ਕੌਂਸਲ ਦੇ ਤਾਲਮੇਲਕਰਤਾ ਜੌਨ ਕਿਰਬੀ ਨੇ ਇਕ ਸਵਲ ਦੇ ਜਵਾਬ ’ਚ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਸਾਨੂੰ ਅਜਿਹੀਆਂ ਖ਼ਬਰਾਂ ਮਿਲ ਰਹੀਆਂ ਹਨ ਕਿ ਪੱਤਰਕਾਰ ਨੂੰ ਸੋਸ਼ਲ ਮੀਡੀਆ ’ਤੇ ਬੁਰਾ-ਭਲਾ ਬੋਲਿਆ ਜਾ ਰਿਹਾ ਹੈ। ਸਾਨੂੰ ਇਹ ਨਾਮਨਜ਼ੂਰ ਹੈ। ਅਤੇ ਅਸੀਂ ਕਿਸੇ ਵੀ ਹਾਲ ’ਚ ਕਿਤੇ ਵੀ ਪੱਤਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨ ਦੀ ਸਖ਼ਤ ਨਿੰਦਾ ਕਰਦੇ ਹਾਂ। ਇਹ ਲੋਕਤੰਤਰ ਦੇ ਉਨ੍ਹਾਂ ਸਿਧਾਂਤਾਂ ਦੇ ਲਿਹਾਜ਼ ਨਾਲ ਅਨੈਤਿਕਤਾਪੂਰਨ ਹੈ ਜੋ ਪਿਛਲੇ ਹਫ਼ਤੇ ਸਰਕਾਰੀ ਯਾਤਰਾ ਦੌਰਾਨ ਵਿਖਾਏ ਗਏ।’’

ਸਿੱਦਕੀ ਦੇ ਸਵਾਲ ਦੇ ਜਵਾਬ ’ਚ ਮੋਦੀ ਨੇ ਲੋਕਤੰਤਰ ਦੇ ਮਾਮਲੇ ’ਚ ਭਾਰਤ ਦੇ ਰੀਕਾਰਡ ਦਾ ਪੁਰਜ਼ੋਰ ਬਚਾਅ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦਾ ਮੂ ਆਧਾਰ ‘ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ, ਸਾਰਿਆਂ ਦਾ ਵਿਸ਼ਵਾਸ ਅਤੇ ਸਾਰਿਆਂ ਦੀ ਕੋਸ਼ਿਸ਼’ ਹੈ। ਉਨ੍ਹਾਂ ਕਿਹਾ ਸੀ, ‘‘ਭਾਰਤ ਇਕ ਲੋਕਤੰਤਰ ਹੈ। ਅਤੇ ਜਿਵੇਂ ਕਿ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਹਾਂ ਦੇ ਡੀ.ਐਨ.ਏ. ’ਚ ਲੋਕਤੰਤਰ ਹੈ। ਸਾਡੀਆਂ ਰਗਾਂ ’ਚ ਲੋਕਤੰਤਰ ਹੈ।’’

ਵਾਇਟ ਹਾਊਸ ਦੀ ਪ੍ਰੈੱਸ ਸਕੱਤਰ ਕੇਰੀਨ ਜਿਆਂ-ਪਿਅਰੇ ਨੇ ਕਿਹਾ, ‘‘ਅਸੀਂ ਵਾਇਟ ਹਾਊਸ ’ਚ ਇਸ ਪ੍ਰਸ਼ਾਸਨ ਤਹਿਤ ਪ੍ਰੈੱਸ ਦੀ ਆਜ਼ਾਦੀ ਲਈ ਵਚਨਬੱਧ ਹਾਂ ਅਤੇ ਇਸ ਲਈ ਅਸੀਂ ਪਿਛਲੇ ਹਫ਼ਤੇ ਪ੍ਰੈੱਸ ਕਾਨਫ਼ਰੰਸ ਰੱਖੀ ਸੀ।’’

ਉਨ੍ਹਾਂ ਕਿਹਾ, ‘‘ਅਸੀਂ ਕਿਸੇ ਪੱਤਰਕਾਰ ਨੂੰ ਧਮਕਾਉਣ ਜਾਂ ਉਸ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਕਿਸੇ ਵੀ ਕੋਸ਼ਿਸ਼ ਦੀ ਸ਼ਖਤ ਨਿੰਦਾ ਕਰਦੇ ਹਾਂ, ਜੋ ਸਿਰਫ਼ ਅਪਣੀ ਕਿਰਤ ਕਰਨ ਦੀ ਕੋਸ਼ਿਸ਼ ਕਰਦੇ ਹਨ।’’

ਕੀ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਈਡਨ ਨੇ ਪ੍ਰੈੱਸ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰ ਵਰਗੇ ਵਿਸ਼ਿਆਂ ’ਤੇ ਗੱਲਬਾਤ ਕੀਤੀ ਸੀ? ਇਸ ਸਵਾਲ ਦੇ ਜਵਾਬ ’ਚ ਜਿਆਂ-ਪਿਅਰੇ ਨੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਕਿਸੇ ਕੌਮਾਂਤਰੀ ਆਗੂ ਜਾਂ ਕਿਸੇ ਦੇਸ਼ ਦੇ ਮੁਖੀ ਨਾਲ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਗੱਲਬਾਤ ਤੋਂ ਕਦੇ ਪਰਹੇਜ਼ ਨਹੀਂ ਕਰਨਗੇ।

ਉਨ੍ਹਾਂ ਕਿਹਾ, ‘‘ਸਾਨੂੰ ਲਗਦਾ ਹੈ ਕਿ ਦੋਹਾਂ ਆਗੂਆਂ ਵਲੋਂ, ਨਾ ਸਿਰਫ਼ ਰਾਸ਼ਟਰਪਤੀ (ਬਾਈਡਨ), ਬਲਕਿ ਪ੍ਰਧਾਨ ਮੰਤਰੀ (ਮੋਦੀ) ਵਲੋਂ ਵੀ ਸੰਵਾਦ ਕਰਨਾ ਤੁਹਾਡੇ ਸਾਰਿਆਂ ਲਈ ਅਤੇ ਸਵਾਲ ਪੁੱਛਣ ਵਾਲ ਪੱਤਰਕਾਰਾਂ ਲਈ ਵੀ ਮਹੱਤਵਪੂਰਨ ਹੈ।’’

ਇਸ ਦੌਰਾਨ ਦਖਣੀ ਏਸ਼ੀਆਈ ਪੱਤਰਕਾਰ ਐਸੋਸੀਏਸ਼ਨ (ਐਸ.ਏ.ਜੇ.ਈ.) ਨੇ ਸਿੱਦਕੀ ਵਿਰੁਧ ਸੋਸ਼ਲ ਮੀਡੀਆ ’ਤੇ ਬੁਰਾ-ਭਲਾ ਬੋਲਣ ਦੀ ਨਿੰਦਾ ਕਰਦਿਆਂ ਮਹਿਲਾ ਪੱਤਰਕਾਰ ਪ੍ਰਤੀ ਹਮਾਇਤ ਪ੍ਰਗਟਾਈ ਹੈ।

ਸੰਗਠਨ ਨੇ ਕਿਹਾ, ‘‘ਪ੍ਰੈੱਸ ਦੀ ਆਜ਼ਾਦੀ ਕਿਸੇ ਵੀ ਲੋਕਤੰਤਰ ਲਈ ਮਹੱਤਵਪੂਰਨ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਗਵਾਈ ਕਰਦੇ ਹਨ।’’