ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਖੇਡਿਆ ਜਾਵੇਗਾ ਦੂਜਾ ਟੈਸਟ ਮੈਚ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਦੀ 'ਸ਼ਾਰਟ ਪਿੱਚ' ਰਣਨੀਤੀ ਸਾਹਮਣੇ ਫਿਰ ਹੋਵੇਗੀ ਭਾਰਤੀ ਬੱਲੇਬਾਜ਼ੀ ਦੀ ਪ੍ਰੀਖਿਆ

file photo

ਕ੍ਰਾਈਸਟਚਰਚ : ਵਿਰੋਧੀ ਹਾਲਾਤ ਵਿਚ ਸਨਮਾਨ ਨੂੰ ਠੇਸ ਪਹੁੰਚਣ ਅਤੇ ਤਕਨੀਕੀ ਖਾਮੀਆਂ ਦੇ ਖੁਲ੍ਹ ਕੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੀ ਮਸ਼ਹੂਰ ਬੱਲੇਬਾਜ਼ੀ ਲਾਈਨਅਪ ਨੂੰ ਨਿਊਜ਼ੀਲੈਂਡ ਵਿਰੁਧ ਅੱਜ ਇਥੇ ਸ਼ੁਰੂ ਹੋਣ ਵਾਲੇ ਦੂਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿਚ ਫਿਰ ਤੋਂ ਸਖ਼ਤ ਪ੍ਰੀਖਿਆ ਤੋਂ ਲੰਘਣਾ ਹੋਵੇਗਾ ਕਿਉਂਕਿ ਕੀਵੀ ਤੇਜ਼ ਗੇਂਦਬਾਜ਼ 'ਸ਼ਾਰਟ ਪਿੱਚ' ਗੇਂਦਾਂ ਦੇ ਅਪਣੇ ਮਾਰੂ ਹਥਿਆਰ ਦਾ ਖੁਲ੍ਹੇਆਮ ਇਸਤੇਮਾਲ ਕਰਨ ਲਈ ਤਿਆਰ ਹਨ।

ਸ਼ਾਰਟ ਪਿੱਚ ਗੇਂਦਾਂ ਦੇ ਮਾਹਰ ਨੀਲ ਵੈਗਨਰ ਦੀ ਇਸ ਮੈਚ ਵਿਚ ਵਾਪਸੀ ਹੋਈ ਹੈ ਅਤੇ ਉਹ ਟਿਮ ਸਾਊਦੀ, ਟਰੇਂਟ ਬੋਲਟ ਅਤੇ ਕਾਈਲ ਜੈਮੀਸਨ ਨਾਲ ਮਿਲ ਕੇ ਰਾਊਂਡ ਦਾ ਵਿਕਟ ਗੇਂਦਬਾਜ਼ੀ ਕਰ ਕੇ ਪਸਲੀ ਨੂੰ ਨਿਸ਼ਾਨਾ ਬਣਾ ਸਕਦੇ ਹਨ। ਅਜਿਹੇ ਵਿਚ ਸੁਭਾਵਕ ਹੈ ਕਿ ਭਾਰਤੀ ਬੱਲੇਬਾਜ਼ਾਂ ਦੀ ਅਗਨੀ ਪ੍ਰੀਖਿਆ ਹੋਵੇਗੀ। ਭਾਰਤੀ ਟੀਮ ਚਾਹੇਗੀ ਕਿ ਅਜੰਯਕਾ ਰਹਾਣੇ, ਹਨੁਮਾ ਅਤੇ ਚੇਤੇਸ਼ਰ ਪੁਜਾਰਾ ਵਿਚੋਂ ਕੋਈ ਸਕਾਰਾਤਮਕ ਅੰਦਾਜ਼ ਵਿਚ ਬੱਲੇਬਾਜ਼ੀ ਕਰੇ ਕਿਉਂਕਿ ਇਸ ਦੀ ਜ਼ਰੂਰਤ ਤੋਂ ਜ਼ਿਆਦਾ ਰਖਿਆਤਮਕ ਬੱਲੇਬਾਜ਼ੀ ਨਾਲ ਕੋਹਲੀ 'ਤੇ ਦਬਾਅ ਪੈਂਦਾ ਹੈ।

ਭਾਰਤ ਲਈ ਚੰਗੀ ਗੱਲ ਇਹ ਹੈ ਕਿ ਪ੍ਰਥਵੀ ਸਾਵ ਨੇ ਨੈੱਟ 'ਤੇ ਅਭਿਆਸ ਕੀਤਾ ਅਤੇ ਕੋਚ ਦੀ ਨਿਗਰਾਨੀ ਵਿਚ ਉਨ੍ਹਾਂ ਨੇ ਲੰਮੇ ਸਮੇਂ ਤਕ ਬੱਲੇਬਾਜ਼ੀ ਕੀਤੀ। ਇਸ ਵਿਚਾਲੇ ਕਪਤਾਨ ਕੋਹਲੀ ਨੇ ਵੀ ਉਨ੍ਹਾਂ ਨੂੰ ਕੁੱਝ ਗੁਰ ਦਿਤੇ। ਇਸ ਦੇ ਨਾਲ ਹੀ ਬੁਰੀ ਖ਼ਬਰ ਇਹ ਹੈ ਕਿ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰਨ ਵਾਲੇ ਅਤੇ ਪਹਿਲੇ ਟੈਸਟ ਵਿਚ ਟੀਮ ਵਲੋਂ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਇਸ਼ਾਂਤ ਸ਼ਰਮਾ ਦੇ ਸੱਜੇ ਪੈਰ ਦੀ ਸੱਟ ਫਿਰ ਤੋਂ ਪ੍ਰੇਸ਼ਾਨ ਕਰ ਰਹੀ ਹੈ। ਇਹ ਸੱਟ ਉਨ੍ਹਾਂ ਨੂੰ ਪਿਛਲੇ ਮਹੀਨੇ ਰਣਜੀ ਟਰਾਫ਼ੀ ਮੈਚ ਖੇਡਦੇ ਸਮੇਂ ਲੱਗੀ ਸੀ। ਉਨ੍ਹਾਂ ਦਾ ਖੇਡਣਾ ਵੀ ਸ਼ੱਕੀ ਹੈ।

ਜਿਥੋਂ ਤਕ ਨਿਊਜ਼ੀਲੈਂਡ ਦੀ ਗੱਲ ਹੈ ਤਾਂ ਉਹ ਤੇਜ਼ ਗੇਂਦਬਾਜ਼ੀ ਹਮਲੇ ਨਾਲ ਉਤਰ ਸਕਦੀ ਹੈ ਕਿਉਂਕਿ ਸੱਜੇ ਹੱਥ ਦੇ ਸਪਿਨਰ ਅਜਾਜ ਪਟੇਲ ਦਾ ਬੇਸਿਨ ਰਿਜ਼ਰਵ ਵਿਚ ਖਾਸ ਉਪਯੋਗੀ ਨਹੀਂ ਕੀਤਾ ਗਿਆ ਸੀ। ਵੈਗਨਰ ਦੀ ਵਾਪਸੀ ਤੋਂ ਬਾਅਦ ਟੀਮ ਪ੍ਰਬੰਧਨ ਲਈ ਜੈਮੀਸਨ ਨੂੰ ਬਾਹਰ ਕਰਨਾ ਮੁਸ਼ਕਲ ਹੋਵੇਗਾ ਜਿਨ੍ਹਾਂ ਨੇ ਟੈਸਟ ਕੈਰੀਅਰ ਦੀ ਸ਼ੁਰੂਆਤ 'ਤੇ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਵਿਕਟ 'ਤੇ ਕਾਫੀ ਘਾਹ ਹੈ ਅਤੇ ਕਿਉਰੇਟਰ ਅਨੁਸਾਰ ਇਸ ਨਾਲ ਲੋੜੀਂਦਾ ਉਛਾਲ ਮਿਲੇਗਾ। ਬੋਲਟ ਇਸੀ ਤਰ੍ਹਾਂ ਦੀ ਪਿੱਚ ਚਾਹੁੰਦੇ ਸਨ। ਭਾਰਤੀ ਲਈ ਬੱਲੇਬਾਜ਼ੀ ਹੀ ਚਿੰਤਾ ਨਹੀਂ ਹੈ ਕਿਉਂਕਿ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦਾ ਪਹਿਲੇ ਮੈਚ ਵਿਚ ਖ਼ਰਾਬ ਪ੍ਰਦਰਸ਼ਨ ਵੀ ਚਿੰਤਾ ਦਾ ਵਿਸ਼ਾ ਹੈ।