ਭਾਰਤ-ਅਮਰੀਕਾ ਸਾਂਝ ਤੋਂ ਪਾਕਿ 'ਚ ਘਬਰਾਹਟ, ਰੋਇਆ 'ਅਸ਼ਾਂਤੀ' ਦਾ ਰੋਣਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਹਾਲੀਆ ਰੱਖਿਆ ਸਮਝੌਤੇ ਨੂੰ ਖਿੱਤੇ ਅਸ਼ਾਂਤੀ ਵਧਾਉਣ ਵਾਲਾ ਦਸਿਆ

file photo

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ 'ਤੇ ਜਿੱਥੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਰਹੀਆਂ ਉਥੇ ਗੁਆਂਢੀ ਮੁਲਕ ਪਾਕਿਸਤਾਨ ਅੰਦਰ ਵੀ ਇਸ ਨੂੰ ਲੈ ਕੇ ਕਾਫ਼ੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਸੀ। ਹੁਣ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਫੇਰੀ ਤੋਂ ਬਾਅਦ ਵਾਪਸ ਜਾ ਚੁੱਕੇ ਹਨ ਤਾਂ ਹੁਣ ਉਨ੍ਹਾਂ ਦੁਆਰਾ ਭਾਰਤ ਨਾਲ ਕੀਤੇ ਗਏ 30 ਲੱਖ ਡਾਲਰ ਦੇ ਰੱਖਿਆ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਨੇ ਹੋ-ਹੱਲਾ ਮਚਾਉਣਾ ਸ਼ੁਰੂ ਕਰ ਦਿਤਾ ਹੈ। ਪਾਕਿਸਤਾਨ ਨੂੰ ਭਾਰਤ-ਅਮਰੀਕਾ ਸਮਝੌਤੇ ਕਾਰਨ ਖਿੱਤੇ 'ਚ ਅਸ਼ਾਂਤੀ ਦਾ ਡਰ ਸਤਾਉਣ ਲਗ ਪਿਆ ਹੈ।

ਇਸ ਦਾ ਖੁਲਾਸਾ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਆਇਸ਼ਾ ਫ਼ਾਰੂਕ ਵਲੋਂ ਹਫ਼ਤਾਵਾਰੀ ਪੱਤਰਕਾਰ ਸੰਮੇਲਨ ਦੌਰਾਨ ਦਿਤੇ ਬਿਆਨ ਤੋਂ ਹੁੰਦਾ ਹੈ। ਬੁਲਾਰੇ ਅਨੁਸਾਰ ਭਾਰਤ ਅਤੇ ਅਮਰੀਕਾ ਦਰਮਿਆਨ ਹੋਈ ਹਾਲੀਆ ਡੀਲ ਨਾਲ ਪਹਿਲਾਂ ਤੋਂ ਹੀ ਅਸ਼ਾਂਤ ਖਿੱਤੇ ਅੰਦਰ ਅਸਥਿਰਤਾ ਹੋਰ ਵੱਧ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿਰਫ਼ ਪਾਕਿਸਤਾਨ ਹੀ ਨਹੀਂ, ਦੂਜੇ ਦੇਸ਼ਾਂ ਲਈ ਵੀ ਭਾਰਤ ਦਾ ਰਵੱਈਆ ਹਮਲਾਵਰ ਹੋ ਜਾਵੇਗਾ, ਜਿਸ ਬਾਰੇ ਅਸੀਂ ਅੰਤਰ-ਰਾਸ਼ਟਰੀ ਭਾਈਚਾਰੇ ਨੂੰ ਸੁਚੇਤ ਕਰ ਚੁੱਕੇ ਹਾਂ।

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਨੇ ਕਸ਼ਮੀਰ ਮੁੱਦੇ 'ਚ ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਨੇ ਇਸਲਾਮਾਬਾਦ ਦੀਆਂ ਅਤਿਵਾਦ ਖਿਲਾਫ਼ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਫ਼ਾਰੂਕ ਅਨੁਸਾਰ ਟਰੰਪ ਦੀ ਟਿੱਪਣੀ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਸਬੰਧਾਂ ਦੇ ਅੱਗੇ ਵਧਣ ਦਾ ਸੰਕੇਤ ਹਨ।

ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ 'ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਦੂਜੇ ਪਾਸੇ ਭਾਰਤ ਨੇ ਅਮਰੀਕਾ ਨੂੰ ਸਾਫ਼ ਸ਼ਬਦਾਂ ਵਿਚ ਦੱਸ ਦਿਤਾ ਸੀ ਕਿ ਇਹ ਭਾਰਤ-ਪਾਕਿਸਤਾਨ ਵਿਚਕਾਰਲਾ ਦੋ ਪੱਖੀ ਮਾਮਲਾ ਹੈ, ਜਿਸ 'ਚ ਕਿਸੇ ਤੀਜੀ ਧਿਰ ਦੀ ਵਿਚੋਲਗੀ ਦੀ ਕੋਈ ਲੋੜ ਨਹੀਂ ਹੈ।