ਪਾਕਿ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਸਕਦੇ ਹਨ ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੇ ਅਮਰੀਕਾ ਤੋਂ ਸੁਪਰਦ ਕੀਤੇ ਗਏ ਅਤੇ ਵੀਜ਼ਾ ਮਿਆਦ ਖ਼ਤਮ ਹੋਣ ਮਗਰੋਂ ਵੀ ਉੱਥੇ ਰਹਿ ਰਹੇ ਅਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿਤਾ ਸੀ

Donald Trump

ਵਾਸ਼ਿੰਗਟਨ : ਪਾਕਿਸਤਾਨ ਨੇ ਅਮਰੀਕਾ ਤੋਂ ਸੁਪਰਦ ਕੀਤੇ ਗਏ ਅਤੇ ਵੀਜ਼ਾ ਮਿਆਦ ਖ਼ਤਮ ਹੋਣ ਮਗਰੋਂ ਵੀ ਉੱਥੇ ਰਹਿ ਰਹੇ ਅਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿਤਾ ਸੀ, ਜਿਸ ਮਗਰੋਂ ਅਮਰੀਕਾ ਨੇ ਉਸ 'ਤੇ ਕੁਝ ਪਾਬੰਦੀਆਂ ਲਾ ਦਿਤੀਆਂ ਹਨ। ਅਮਰੀਕਾ ਨੇ ਚਿਤਾਵਨੀ ਦਿਤੀ ਹੈ ਕਿ ਉਹ ਪਾਕਿ ਨਾਗਰਿਕਾਂ ਦੇ ਵੀਜ਼ਾ 'ਤੇ ਰੋਕ ਲਗਾ ਸਕਦੇ ਹਨ ਅਤੇ ਇਸਦੀ ਸ਼ੁਰੂਆਤ ਉਸਦੇ ਸੀਨੀਅਰ ਅਧਿਕਾਰੀਆਂ ਤੋਂ ਹੋ ਸਕਦੀ ਹੈ। 

ਵਿਦੇਸ਼ ਵਿਭਾਗ ਨੇ ਕਿਹਾ ਕਿ ਪਾਕਿਸਤਾਨ 'ਚ ਅੰਬੈਸੀ ਸਬੰਧੀ ਕੰਮਕਾਜ 'ਚ ਫਿਲਹਾਲ 'ਕੋਈ ਬਦਲਾਅ ਨਹੀਂ' ਹੈ ਪਰ ਫੈਡਰਲ ਰਜਿਸਟਰੀ ਨੋਟੀਫਿਕੇਸ਼ਨ 'ਚ ਇਸ ਰੋਕ ਕਾਰਨ ਅਮਰੀਕਾ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੋਕ ਸਕਦਾ ਹੈ, ਜਿਸ ਦੀ ਸ਼ੁਰੂਆਤ ਉਸ ਦੇ ਸੀਨੀਅਰ ਅਧਿਕਾਰੀਆਂ ਤੋਂ ਹੋ ਸਕਦੀ ਹੈ। ਪਾਕਿਸਤਾਨ ਉਨ੍ਹਾਂ 10 ਦੇਸ਼ਾਂ ਦੀ ਸੂਚੀ 'ਚ ਨਵਾਂ ਦੇਸ਼ ਹੈ, ਜਿਨ੍ਹਾਂ 'ਤੇ ਅਮਰੀਕੀ ਕਾਨੂੰਨ ਤਹਿਤ ਰੋਕ ਲਾਗੂ ਕੀਤੀ ਗਈ ਹੈ, ਜਿਸ ਦੇ ਅਨੁਸਾਰ ਜਿਹੜੇ ਦੇਸ਼ ਅਮਰੀਕਾ 'ਚੋਂ ਕੱਢੇ ਗਏ

ਅਤੇ ਵੀਜ਼ਾ ਖਤਮ ਹੋਣ ਦੇ ਬਾਅਦ ਵੀ ਇਥੇ ਰਹਿ ਰਹੇ ਅਪਣੇ ਨਾਗਰਿਕਾਂ ਨੂੰ ਵਾਪਸ ਨਹੀਂ ਲੈਣਗੇ, ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਵੀਜ਼ਾ ਨਹੀਂ ਦੇਵੇਗਾ। ਹਾਲਾਂਕਿ, ਵਿਦੇਸ਼ ਵਿਭਾਗ ਨੇ ਪਾਕਿਸਤਾਨ 'ਤੇ ਇਨ੍ਹਾਂ ਪਾਬੰਦੀਆਂ ਦੇ ਅਸਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਤੋਂ ਜਦ ਸੰਘੀ ਰਜਿਸਟਰ ਦੀ ਨੋਟੀਫਿਕੇਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ,''ਪਾਕਿਸਤਾਨ ਦੀ ਅੰਬੈਸੀ ਸਬੰਧੀ ਕੰਮ-ਕਾਜ 'ਚ ਕੋਈ ਬਦਲਾਅ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਇਹ ਅਮਰੀਕਾ ਤੇ ਪਾਕਿਸਤਾਨ ਸਰਕਾਰਾਂ ਵਿਚਕਾਰ ਚੱਲ ਰਿਹਾ ਦੋ-ਪੱਖੀ ਮੁੱਦਾ ਹੈ ਅਤੇ ਅਸੀਂ ਇਸ ਸਮੇਂ ਬਾਰੀਕੀਆਂ 'ਚ ਨਹੀਂ ਜਾ ਰਹੇ।'' ਅਮਰੀਕਾ 'ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਦਾ ਮੰਨਣਾ ਹੈ ਕਿ ਇਸ ਨਾਲ ਪਾਕਿਸਤਾਨ ਲਈ ਨਵੀਆਂ ਮੁਸ਼ਕਲਾਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪਹਿਲਾਂ ਵੀ ਅਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰਦਾ ਰਿਹਾ ਹੈ। (ਪੀਟੀਆਈ)