ਗ਼ਲਤ ਟਵੀਟ ਨੇ ਦੁਨੀਆਂ ਭਰ 'ਚ ਟਰੰਪ ਦੀ ਕਰਵਾਈ ਕਿਰਕਿਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ੍ਰੀਲੰਕਾ 'ਚ 138 ਮੌਤਾਂ ਦੀ ਥਾਂ ਲਿਖਿਆ 13.8 ਕਰੋੜ ਮੌਤਾਂ

Trump Tweets 138 Million People Died In Sri Lanka Blasts

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਸ੍ਰੀਲੰਕਾ 'ਚ ਲੜੀਵਾਰ ਬੰਬ ਧਮਾਕਿਆਂ ਬਾਰੇ ਗਲਤ ਟਵੀਟ ਕਰ ਦਿੱਤਾ। ਉਨ੍ਹਾਂ ਨੇ ਬੰਬ ਧਮਾਕਿਆਂ 'ਚ ਮ੍ਰਿਤਕਾਂ ਦੀ ਗਲਤ ਗਿਣਤੀ ਪੋਸਟ ਕੀਤੀ। ਉਨ੍ਹਾਂ ਲਿਖਿਆ ਕਿ ਸ੍ਰੀਲੰਕਾ ਦੇ ਲੋਕਾਂ ਨਾਲ ਮੇਰੇ ਦਿਲੀ ਸੰਵੇਦਨਾ ਹੈ। ਉਨ੍ਹਾਂ ਨੇ ਗਲਤੀ ਨਾਲ ਟਵੀਟ ਕਰ ਦਿੱਤਾ ਕਿ ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ 13.8 ਕਰੋੜ ਲੋਕ ਮਾਰੇ ਗਏ। ਟਰੰਪ ਦੇ ਇਸ ਟਵੀਟ 'ਤੇ ਲੋਕਾਂ ਨੇ ਜਦੋਂ ਪ੍ਰਤੀਕਿਰਿਆ ਪ੍ਰਗਟਾਈ ਤਾਂ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ।

ਟਰੰਪ ਨੇ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਹੋਏ ਧਮਾਕਿਆਂ 'ਚ 138 ਲੋਕਾਂ ਦੀ ਮੌਤ ਹੋਣ ਨੂੰ ਗਲਤੀ ਨਾਲ 13.8 ਕਰੋੜ ਲਿਖ ਦਿੱਤਾ। ਟਰੰਪ ਦਾ ਇਹ ਟਵੀਟ ਲਗਭਗ 20 ਮਿੰਟ ਬਾਅਦ ਹਟਾ ਲਿਆ ਗਿਆ। ਪਰ ਇਹ ਟਵੀਟ ਲੋਕਾਂ ਦੀ ਨਜ਼ਰ ਤੋਂ ਨਾ ਬੱਚ ਸਕਿਆ ਅਤੇ ਲੋਕ ਇਸ ਦਾ ਮਜ਼ਾਕ ਉਡਾਉਣ ਲੱਗੇ। ਟਰੰਪ ਨੂੰ ਫਾਲੋ ਕਰਨ ਵਾਲੇ ਇੱਕ ਯੂਜਰ ਨੇ ਲਿਖਿਆ, "13.8 ਕਰੋਡ਼? ਤੁਹਾਨੂੰ ਸ਼ਾਇਦ ਪੂਰੀ ਸੂਚਨਾ ਆਉਣ ਤੱਕ ਇੰਤਜਾਰ ਕਰਣਾ ਚਾਹੀਦਾ ਸੀ।" ਇਕ ਯੂਜਰ ਨੇ ਲਿਖਿਆ, "ਸਾਡੀ ਪੂਰੀ ਜਨਸੰਖਿਆ ਹੀ 2 ਕਰੋਡ਼ ਹੈ। 13.8 ਕਰੋਡ਼ ਦੀ ਜਾਨ ਜਾਣਾ ਨਾਮੁਮਕਿਨ ਹੈ। ਤੁਸੀ ਆਪਣੀ ਸੰਵੇਦਨਾਵਾਂ ਆਪਣੇ ਕੋਲ ਰੱਖੋ, ਸਾਨੂੰ ਉਸ ਦੀ ਜ਼ਰੂਰਤ ਨਹੀਂ ਹੈ।" ਟਰੰਪ ਨੂੰ ਫਾਲੋ ਕਰਨ ਵਾਲੇ ਇਕ ਹੋਰ ਯੂਜਰ ਨੇ ਲਿਖਿਆ, "13.8 ਕਰੋਡ਼! ਸ੍ਰੀਲੰਕਾ ਦੀ ਕੁਲ ਜਨਸੰਖਿਆ ਤੋਂ ਵੀ ਜ਼ਿਆਦਾ। ਡੋਨਾਲਡ ਟਰੰਪ ਦੇ ਅਨੁਸਾਰ ਸਾਡੇ ਦੇਸ਼ ਵਿਚ ਹੁਣ ਕੁੱਝ ਨਹੀਂ ਬਚਿਆ ਹੈ।"

ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਟਰੰਪ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਦੇ ਨਾਮ ਅਤੇ ਟਵੀਟ ਵਿੱਚ ਗਲਤੀ ਕਰ ਚੁੱਕੇ ਹਨ। ਇਕ ਵਾਰ ਉਨ੍ਹਾਂ ਨੇ ਅਮੇਜਨ ਦੇ ਮਾਲਿਕ ਜੈਫ ਬੇਜੋਸ ਨੂੰ ਜੈਫ ਬੋਜੋ ਅਤੇ ਐਪਲ ਦੇ ਸੀਈਓ ਟਿਮ ਕੁਕ ਨੂੰ ਟਿਮ ਐਪਲ ਲਿਖ ਦਿੱਤਾ ਸੀ।