ਸ਼ਾਹੀ ਜੋੜੀ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਨੇ ਬਣਾਇਆ ਲੰਗਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੇਟ ਨੇ ਕਿਹਾ, ਭਾਰਤੀ ਖਾਣੇ ਦਾ ਆਨੰਦ ਅਪਣੇ ਘਰ ’ਚ ਮੈਂ ਕਈ ਵਾਰ ਮਾਣਿਆ

Prince William, Kate Middleton make chapatis and curry with Sikh charity

ਇੰਗਲੈਂਡ : ਐਡਿਨਬਰਾ ਸਥਿਤ ਮਹਾਰਾਣੀ ਦੀ ਸ਼ਾਹੀ ਰਿਹਾਇਸ਼ਗਾਹ ‘ਪੈਲੇਸ ਆਫ਼ ਹੌਲੀਰੁੱਡਹਾਊਸ’ ਦੇ ਰਸੋਈਘਰ ’ਚ ਸ਼ਾਹੀ ਜੋੜੀ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਨੇ ਇਕ ਸਿੱਖ ਚੈਰਿਟੀ ਲਈ ਰੋਟੀਆਂ ਤੇ ਸਬਜ਼ੀ ਬਣਾਈ। ਚੈਰਿਟੀ ਦਾ ਨਾਂ ‘ਸਿੱਖ ਸੰਜੋਗ’ ਹੈ ਤੇ ਇਹ ਸਕਾਟਲੈਂਡ ਵਿਚ ਸਥਿਤ ਹੈ। ਇਹ ਜਥੇਬੰਦੀ ਐਡਿਨਬਰਾ ’ਚ ਲੋੜਵੰਦਾਂ ਲਈ ਗੁਰੂ ਕਾ ਲੰਗਰ ਅਤੁੱਟ ਚਲਾਉਂਦੀ ਹੈ।

ਇਸ ਸਬੰਧੀ ਜਿਹੜੀ ਵੀਡੀਉ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਉਸ ਵਿਚ ਕੈਂਬ੍ਰਿਜ ਦੇ ਡਿਊਕ ਤੇ ਡੱਚੈਸ ਰੋਟੀਆਂ ਬਣਾਉਂਦੇ ਵਿਖਾਈ ਦੇ ਰਹੇ ਹਨ। ਕੇਟ ਤੇ ਵਿਲੀਅਮ ਦੋਵੇਂ ਆਟੇ ਦੇ ਪੇੜੇ ਕਰਦੇ ਹਨ ਤੇ ਫਿਰ ਚਕਲੇ ਉੱਤੇ ਉਨ੍ਹਾਂ ਨੂੰ ਵੇਲਦੇ ਹਨ ਤੇ ਸਟੋਵ ਉੱਤੇ ਪਕਾਉਂਦੇ ਹਨ।

ਇਸ ਤੋਂ ਬਾਅਦ ਇਹ ਸ਼ਾਹੀ ਜੋੜੀ ਛੋਟੇ-ਛੋਟੇ ਡੱਬਿਆਂ ਵਿਚ ਚੌਲ ਤੇ ਸਬਜ਼ੀ ਪਾਉਂਦੇ ਵੀ ਵਿਖਾਈ ਦਿੰਦੇ ਹਨ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਕੇਟ ਮਿਡਲਟਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਭਾਰਤੀ ਖਾਣੇ ਦਾ ਆਨੰਦ ਅਪਣੇ ਘਰ ’ਚ ਕਈ ਵਾਰ ਮਾਣਿਆ ਹੈ।

ਪ੍ਰਿੰਸ ਵਿਲੀਅਮ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਮਸਾਲੇਦਾਰ ਖਾਣਾ ਸੱਚਮੁਚ ਬਹੁਤ ਪਸੰਦ ਹੈ। ਇਥੇ ਦੱਸ ਦੇਈਏ ਕਿ ‘ਸਿੱਖ ਸੰਜੋਗ’ ਸਾਲ 1989 ਤੋਂ ਸਰਗਰਮ ਹੈ। ਲਾਕਡਾਊਨ ਦੌਰਾਨ ਇਸ ਦੀ ਜਨਤਕ ਸੇਵਾ ਵਰਨਣਯੋਗ ਰਹੀ ਹੈ। ਇਹ ਲੋੜਵੰਦਾਂ ਲਈ ਹਫ਼ਤੇ ’ਚ ਦੋ ਵਾਰ ਲੰਗਰ ਲਾਉਂਦੀ ਹੈ।