ਯੂ.ਕੇ. : ਪੈਸੇ ਲਈ ਅੰਗਰੇਜ਼ੀ ਨਾ ਜਾਣਨ ਵਾਲਿਆਂ ਦੀ ਥਾਂ ਟੈਸਟ ਦੇਣ ਵਾਲੇ ਪੰਜਾਬੀ ਨੇ ਗੁਨਾਹ ਕਬੂਲ ਕੀਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ ਚਾਰ ਸਾਲਾਂ ਤੋਂ ਕਰ ਰਿਹਾ ਸੀ ਧੋਖਾਧੜੀ

representational Image

ਲੰਡਨ: ਭਾਰਤੀ ਮੂਲ ਦੇ 34 ਵਰ੍ਹਿਆਂ ਦੇ ਇਕ ਵਿਅਕਤੀ ਨੇ ਅਪਣੇ ਵਲੋਂ ਕੀਤੀ ਧੋਖਾਧੜੀ ਦੀ ਗੱਲ ਮਨਜ਼ੂਰ ਕਰ ਲਈ ਹੈ। ਉਸ ਨੇ ਹੋਰ ਲੋਕਾਂ ਦੀ ਥਾਂ ’ਤੇ 36 ਤੋਂ ਵੱਧ ਡਰਾਈਵਿੰਗ ਦੇ ਟੈਸਟ ਦਿਤੇ ਅਤੇ ਹਰ ਵਾਰੀ 1500 ਪਾਊਂਡ ਤਕ ਦੀ ਕਮਾਈ ਕੀਤੀ। ਇਸ ਮਾਮਲੇ ’ਚ ਉਸ ਨੂੰ ਸਜ਼ਾ ਕੱਟਣੀ ਪੈ ਸਕਦੀ ਹੈ।

 ਮੰਗਲਵਾਰ ਨੂੰ ਰੀਡਿੰਗ ਮੈਜਿਸਟ੍ਰੇਟ ਅਦਾਲਤ ’ਚ ਪੇਸ਼ ਹੋ ਕੇ ਰਿਡੋਲ ਐਵੀਨਿਊ, ਸਵਾਨਸੀ ਦੇ ਸਤਵਿੰਦਰ ਸਿੰਘ ਨੇ ਧੋਖਾਧੜੀ ਕਰਨ ਦੀ ਗੱਲ ਮੰਨ ਲਈ। ਚਾਰ ਸਾਲ ਤੋਂ ਵੱਧ ਸਮੇਂ ਤਕ, ਸਤਵਿੰਦਰ ਨੇ ਉਨ੍ਹਾਂ ਲੋਕਾਂ ਲਈ ਟੈਸਟ ਦਿਤਾ, ਜੋ ਅੰਗਰੇਜ਼ੀ ਨਹੀਂ ਜਾਣਦੇ ਸਨ। ਇਸ ਬਦਲੇ ਉਸ ਨੇ ਹਰ ਵਿਅਕਤੀ ਤੋਂ 1500 ਪਾਊਂਡ ਲਏ, ਜਦਕਿ ਇਸ ਕੰਮ ’ਤੇ ਸਿਰਫ਼ 23 ਪਾਊਂਡ ਦਾ ਖ਼ਰਚ ਸੀ।

ਇਹ ਵੀ ਪੜ੍ਹੋ:  ਅੰਤਰਰਾਸ਼ਟਰੀ ਸਰਹੱਦ 'ਤੇ ਡਰੋਨ ਦੀ ਦਸਤਕ, BSF ਵਲੋਂ ਖੇਮਕਰਨ ਦੇ ਪਿੰਡ ਮੀਆਂਵਾਲਾ ਤੋਂ ਡਰੋਨ ਬਰਾਮਦ

ਅਮ੍ਰਿਤਪਾਲ ਸਿੰਘ ਨਾਂ ਦਾ ਡਰਾਈਵਿੰਗ ਲਾਇਸੈਂਸ ਰੱਖਣ ਵਾਲੇ ਸਤਵਿੰਦਰ ਨੇ ਰੀਡਿੰਗ, ਮਾਨਚੈਸਟਰ, ਸ਼ੇਫੀਲਡ, ਸਾਊਥਗੇਟ, ਆਕਸਫੋਰਡ, ਆਇਲਸਬਰੀ, ਗਿਲਡਫ਼ੋਰਡ, ਸਟੇਨਸ ਅਤੇ ਬ੍ਰਿਸਟਲ ਸਮੇਤ ਪੂਰੇ ਯੂ.ਕੇ. ’ਚ ਇਹ ਧੋਖਾਧੜੀ ਕੀਤੀ। ਡਰਾਈਵਿੰਗ ਗੱਡੀ ਮਾਨਕ ਏਜੰਸੀ (ਡੀ.ਵੀ.ਐਸ.ਏ.) ਵਲੋਂ 2019 ’ਚ ਦੇਸ਼ ਭਰ ’ਚ ਅਪਣੇ ਟੈਸਟ ਕੇਂਦਰਾਂ ’ਚ ਸਤਵਿੰਦਰ ਦੀ ਤਸਵੀਰ ਜਾਰੀ ਕਰਨ ਤੋਂ ਬਾਅਦ, ਉਸ ਨੂੰ 6 ਜੂਨ ਨੂੰ ਇਕ ਜਾਂਚ ਕੇਂਦਰ ’ਚ ਵੇਖਿਆ ਗਿਆ ਸੀ, ਜਿੱਥੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੀਅਰਸਨ ਟੈਸਟ ਕੇਂਦਰ ਦੇ ਸਟਾਫ਼ ਦੇ ਇਕ ਮੈਂਬਰ ਨੇ ਸਤਵਿੰਦਰ ਨੂੰ ਇਮਾਰਤ ’ਚ ਦਾਖ਼ਲ ਹੁੰਦਿਆਂ ਵੇਖਿਆ, ਜਿੱਥੇ ਉਸ ਨੇ ਕਿਹਾ ਕਿ ਉਹ ਅਮ੍ਰਿਤਪਾਲ ਸਿੰਘ ਹੈ ਅਤੇ ਉਸ ਨਾਂ ਦਾ ਡਰਾਈਵਿੰਗ ਲਾਇਸੈਂਸ ਪੇਸ਼ ਕੀਤਾ।

‘ਦ ਰੀਡਿੰਗ ਕੋਰੋਨੀਕਲ’ ਨੇ ਸਰਕਾਰੀ ਵਕੀਲ ਡੋਬੋਰਾ ਸਪੈਕਟਰ ਦੇ ਹਵਾਲੇ ਨਾਲ ਕਿਹਾ, ‘‘ਉਹ ਲਾਇਸੈਂਸ ’ਤੇ ਮੌਜੂਦ ਵਿਅਕਤੀ ਹੋਣ ਦਾ ਨਾਟਕ ਕਰ ਰਿਹਾ ਸੀ। ਸਟਾਫ਼ ਦੇ ਮੈਂਬਰਾਂ ਨੇ ਪੁਲਿਸ ਦੇ ਆਉਣ ਤਕ ਉਸ ਨੂੰ ਟੈਸਟ ਦੇਣ ਦਿਤਾ।’’ ਪੁਲਿਸ ਦੇ ਪੁੱਜਣ ਮਗਰੋਂ ਸਤਵਿੰਦਰ ਸਿੰਘ ਨੇ ਅਪਣੀ ਪਛਾਣ ਅਮ੍ਰਿਤਪਾਲ ਸਿੰਘ ਵਜੋਂ ਦਿਤੀ, ਪਰ ਪੁਲਿਸ ਨੂੰ ਉਸ ਕੋਲੋਂ ਇਕ ਰੇਂਜ ਰੋਵਰ ਕਾਰ ਦੀਆਂ ਚਾਬੀਆਂ ਮਿਲੀਆਂ, ਜੋ ਉਸ ਦੇ ਅਸਲ ਨਾਂ ਨਾਲ ਰਜਿਸਟਰਡ ਸਨ। ਸਪੈਕਟਰ ਨੇ ਅਦਾਲਤ ਨੂੰ ਦਸਿਆ ਕਿ ਸਤਵਿੰਦਰ ਨੇ ਪੀਅਰਸਨ ਅਤੇ ਰੀਡ ਟੈਸਟ ਸੈਂਟਰਾਂ ’ਤੇ ਪੈਸੇ ਲਈ ਦੂਜੇ ਉਮੀਦਵਾਰਾਂ ਦੀ ਥਾਂ ਟੈਸਟ ਦੇਣ ਦੀ ਗੱਲ ਮੰਨ ਲਈ।

ਉਨ੍ਹਾਂ ਕਿਹਾ, ‘‘ਇਸ ਗਤੀਵਿਧੀ ’ਚ ਸ਼ਾਮਲ ਲੋਕਾਂ ਵਲੋਂ ਫ਼ਰਜ਼ੀ ਟੈਸਟ ਦੇਣ ਵਾਲੇ ਬਣ ਕੇ ਕਮਾਇਆ ਗਿਆ ਮੁਨਾਫ਼ਾ ਬਹੁਤ ਵੱਡਾ ਹੈ ਅਤੇ ਇਸ ਨੂੰ ਸੰਗਠਤ ਅਪਰਾਧ ਦੇ ਰੂਪ ’ਚ ਰਖਿਆ ਜਾ ਸਕਦਾ ਹੈ।’’ ਮੈਜਿਸਟ੍ਰੇਟ ਨੇ ਸਤਵਿੰਦਰ ਦੇ ਮਾਮਲੇ ਨੂੰ ਉਸ ਦੀ ਅਗਲੀ ਸੁਣਵਾਈ ਦੀ ਮਿਤੀ ਤੈਅ ਕਰਨ ਲਈ ਕਰਾਊਨ ਕੋਰਟ ’ਚ ਭੇਜ ਦਿਤਾ ਹੈ। ਰੀਡਿੰਗ ਮੈਜਿਸਟ੍ਰੇਟ ਕੋਰਟ ਨੇ ਉਨ੍ਹ ਨੂੰ ਸ਼ਰਤ ’ਤੇ ਜ਼ਮਾਨਤ ਦਿਤੀ ਕਿ ਉਹ ਕਿਸੇ ਵੀ ਰੀਡਸ ਜਾਂ ਪੀਅਰਸਨ ਡਰਾਈਵਿੰਗ ਥਿਓਰੀ ਟੈਸਟ ਸੈਂਟਰ ’ਚ ਸ਼ਾਮਲ ਨਹੀਂ ਹਣਗੇ।