ਅਮਰੀਕਾ ਦੇ ਇੱਕ ਮਕਾਨ 'ਚ ਅੱਗ ਲੱਗਣ ਨਾਲ ਅੱਠ ਜਣਿਆਂ ਦੀ ਮੌਤ, ਕਤਲ ਦਾ ਸ਼ੱਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਟੁਲਸਾ ਵਿਖੇ ਇੱਕ ਮਕਾਨ ਨੂੰ ਲੱਗੀ ਅੱਗ

8 found dead after house fire in Tulsa area; homicide feared

 

ਬ੍ਰੋਕਨ ਐਰੋ - ਅਮਰੀਕਾ ਦੇ ਟੁਲਸਾ ਵਿੱਚ ਵੀਰਵਾਰ ਨੂੰ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਕਤਲ ਦੇ ਪਹਿਲੂ ਤੋਂ ਜਾਂਚ ਕਰ ਰਹੀ ਹੈ। ਦੱਖਣ-ਪੂਰਬੀ ਟੁਲਸਾ ਤੋਂ 20 ਕਿਲੋਮੀਟਰ ਦੂਰ ਓਕਲਾਹੋਮਾ ਦੇ ਇੱਕ ਰਿਹਾਇਸ਼ੀ ਖੇਤਰ ਬ੍ਰੋਕਨ ਐਰੋ ਵਿੱਚ ਵੀਰਵਾਰ ਸ਼ਾਮ ਕਰੀਬ 4 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ।

ਬ੍ਰੋਕਨ ਐਰੋ ਪੁਲਿਸ ਨੇ ਕਿਹਾ ਕਿ ਕਤਲ ਦੇ ਇਰਾਦੇ ਨਾਲ ਅੱਗ ਲੱਗਣ ਦਾ ਸ਼ੱਕ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਜਨਤਾ ਨੂੰ ਕੋਈ ਖ਼ਤਰਾ ਹੈ। ਪੁਲਿਸ ਦੇ ਬੁਲਾਰੇ ਈਥਾਨ ਹਚਿਨਸ ਨੇ ਕਿਹਾ ਕਿ ਘਟਨਾ ਵਾਲੀ ਥਾਂ ਗੁੰਝਲਦਾਰ ਹੈ, ਇਸ ਲਈ ਫਿਲਹਾਲ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।

ਹਚਿਨਜ਼ ਨੇ ਕਿਹਾ ਕਿ ਚਸ਼ਮਦੀਦ ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਘਰ ਵਿੱਚ ਅੱਠ ਮੈਂਬਰਾਂ ਦਾ ਇੱਕ ਪਰਿਵਾਰ ਰਹਿੰਦਾ ਸੀ, ਜਿਸ 'ਚ ਦੋ ਬਾਲਗ ਅਤੇ ਛੇ ਬੱਚੇ ਸ਼ਾਮਲ ਸੀ, ਪਰ ਮ੍ਰਿਤਕਾਂ ਦੀ ਸਹੀ ਤਰੀਕੇ ਨਾਲ ਪਛਾਣ ਨਹੀਂ ਹੋ ਸਕੀ ਹੈ। ਕੈਟਲਿਨ ਪਾਵਰਜ਼ ਨਾਂ ਦੀ ਸਥਾਨਕ ਔਰਤ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਬਾਹਰ ਜਾ ਰਹੀ ਸੀ, ਇਸੇ ਦੌਰਾਨ ਉਸ ਨੇ ਆਪਣੇ ਘਰ ਨੇੜੇ ਧੂੰਆਂ ਉੱਠਦਾ ਦੇਖਿਆ ਅਤੇ ਜਾਂਚ ਕਰਨ ਲਈ ਰੁਕ ਗਈ।

ਪਾਵਰਜ਼ ਨੇ ਕਿਹਾ, “ਜਦੋਂ ਮੈਂ ਨੇੜੇ ਗਈ ਤਾਂ ਮੈਂ ਘਰ ਦੀ ਛੱਤ ਤੋਂ ਧੂੰਆਂ ਨਿੱਕਲਦਾ ਦੇਖਿਆ। ਪਾਵਰਜ਼  ਨੇ ਦੱਸਿਆ ਕਿ ਦੋ ਆਦਮੀ ਅਤੇ ਇੱਕ ਔਰਤ ਘਰ ਦੇ ਸਾਹਮਣੇ ਖੜ੍ਹੇ ਸਨ। ਉਸ ਨੇ ਕਿਹਾ ਕਿ ਇੱਕ ਹੋਰ ਵਿਅਕਤੀ ਇੱਕ ਔਰਤ ਨੂੰ ਸਾਹਮਣੇ ਦੇ ਦਰਵਾਜ਼ੇ ਤੋਂ ਬਾਹਰ ਖਿੱਚਦਾ ਦਿਖਾਈ ਦਿੱਤਾ, ਅਤੇ ਉਹ ਔਰਤ ਬੇਹੋਸ਼ ਦਿਖਾਈ ਦੇ ਰਹੀ ਸੀ।