ਉਮੀਦ ਹੈ ਖੜਗੇ ਦੀ ਅਗਵਾਈ 'ਚ ਕਾਂਗਰਸ ਮਜ਼ਬੂਤ​​ ਹੋਵੇਗੀ, ਅਸੀਂ ਮਿਲ ਕੇ ਅੱਗੇ ਵਧਣਾ ਹੈ: ਸੋਨੀਆ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਕੱਠੇ ਹੋ ਕੇ ਅੱਗੇ ਵਧਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਸੰਕਟ ਦੀ ਘੜੀ ਵਿਚ ਕਦੇ ਹਾਰ ਨਹੀਂ ਮੰਨੀ ਅਤੇ ਨਾ ਹੀ ਹਾਰੇਗੀ

Congress will be strengthened by Kharge’s leadership: Sonia Gandhi

 

ਨਵੀਂ ਦਿੱਲੀ: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਪਾਰਟੀ ਦੇ ਨਵੇਂ ਮੁਖੀ ਮੱਲਿਕਾਰਜੁਨ ਖੜਗੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਪਾਰਟੀ ਉਹਨਾਂ ਦੀ ਅਗਵਾਈ ਵਿਚ ਲਗਾਤਾਰ ਮਜ਼ਬੂਤ ਹੋਵੇਗੀ। ਉਹਨਾਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਕੱਠੇ ਹੋ ਕੇ ਅੱਗੇ ਵਧਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਸੰਕਟ ਦੀ ਘੜੀ ਵਿਚ ਕਦੇ ਹਾਰ ਨਹੀਂ ਮੰਨੀ ਅਤੇ ਨਾ ਹੀ ਹਾਰੇਗੀ |

ਸੋਨੀਆ ਗਾਂਧੀ ਨੇ ਕਿਹਾ, ''ਮੈਨੂੰ ਪੂਰਾ ਵਿਸ਼ਵਾਸ ਹੈ ਕਿ ਖੜਗੇ ਜੀ ਪੂਰੀ ਪਾਰਟੀ ਨੂੰ ਪ੍ਰੇਰਿਤ ਕਰਨਗੇ ਅਤੇ ਕਾਂਗਰਸ ਉਹਨਾਂ ਦੀ ਅਗਵਾਈ 'ਚ ਮਜ਼ਬੂਤ ​​ਹੋਵੇਗੀ।'' ਉਹਨਾਂ ਕਿਹਾ, ''ਮੈਂ ਬਹੁਤ ਖੁਸ਼ ਹਾਂ। ਸਭ ਤੋਂ ਵੱਡੀ ਤਸੱਲੀ ਇਹ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਪ੍ਰਧਾਨ ਚੁਣਿਆ ਹੈ, ਉਹ ਇਕ ਤਜਰਬੇਕਾਰ ਆਗੂ ਹਨ, ਧਰਤੀ ਨਾਲ ਜੁੜੇ ਆਗੂ ਹਨ, ਜੋ ਆਪਣੀ ਮਿਹਨਤ ਅਤੇ ਲਗਨ ਨਾਲ ਇਕ ਆਮ ਵਰਕਰ ਤੋਂ ਇਸ ਬੁਲੰਦੀ ਤੱਕ ਪਹੁੰਚੇ”।

ਸੋਨੀਆ ਗਾਂਧੀ ਨੇ ਕਿਹਾ, ''ਈਮਾਨਦਾਰੀ ਨਾਲ ਕਹਾਂ ਤਾਂ ਮੈਂ ਰਾਹਤ ਮਹਿਸੂਸ ਕਰ ਰਹੀ ਹਾਂ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਇੰਨੇ ਸਾਲਾਂ ਤੋਂ ਪਿਆਰ ਅਤੇ ਸਤਿਕਾਰ ਦਿੱਤਾ ਹੈ। ਮੈਨੂੰ ਇਸ ਦਾ ਅਹਿਸਾਸ ਜ਼ਿੰਦਗੀ ਦੇ ਆਖਰੀ ਸਾਹ ਤੱਕ ਰਹੇਗਾ। ਮੈਂ ਇਸ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵਾਂਗੀ ਅਤੇ ਇਹ ਬੋਝ ਮੇਰੇ ਸਿਰ ਤੋਂ ਉਤਾਰ ਦਿੱਤਾ ਜਾਵੇਗਾ ਅਤੇ ਇਸ ਲਈ ਮੈਂ ਰਾਹਤ ਮਹਿਸੂਸ ਕਰ ਰਹੀ ਹਾਂ”।

ਉਹਨਾਂ ਕਿਹਾ ਕਿ, “ਬਦਲਾਅ ਸੰਸਾਰ ਦਾ ਨਿਯਮ ਹੈ। ਇਹ ਬਦਲਾਅ ਜ਼ਿੰਦਗੀ ਦੇ ਹਰ ਖੇਤਰ ਵਿਚ ਹੁੰਦਾ ਹੈ ਅਤੇ ਹੁੰਦਾ ਰਹੇਗਾ... ਅੱਜ ਕਾਂਗਰਸ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ, ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਲੋਕਤਾਂਤਰਿਕ ਕਦਰਾਂ-ਕੀਮਤਾਂ ਦੇ ਸਾਹਮਣੇ ਪੈਦਾ ਹੋਏ ਸੰਕਟ ਦਾ ਸਫ਼ਲਤਾਪੂਰਵਕ ਮੁਕਾਬਲਾ ਕਿਵੇਂ ਕੀਤਾ ਜਾਵੇ”। ਸੋਨੀਆ ਗਾਂਧੀ ਨੇ ਕਿਹਾ, ''ਮੈਨੂੰ ਭਰੋਸਾ ਹੈ ਕਿ ਪਾਰਟੀ ਦੇ ਸਾਰੇ ਵਰਕਰ ਅਤੇ ਆਗੂ ਮਿਲ ਕੇ ਅਜਿਹੀ ਤਾਕਤ ਬਣ ਜਾਣਗੇ ਜੋ ਸਾਡੇ ਮਹਾਨ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰ ਸਕਣਗੇ।'