ਅਮਰੀਕਾ ਨੇ ਵੇਨੇਜ਼ੁਏਲਾ ਦੀ ਤੇਲ ਕੰਪਨੀ 'ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਅਤੇ ਵਿੱਤ ਮੰਤਰੀ ਸਟੀਵਨ ਮੈਨੁਚਿਨ ਨੇ ਕੰਪਨੀ ਵਿਰੁਧ ਕਦਮ ਚੁੱਕਣ ਦਾ ਐਲਾਨ ਕੀਤਾ।

John Bolton

ਵਾਸ਼ਿੰਗਟਨ : ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਡੁਰੋ 'ਤੇ ਵਿਰੋਧੀ ਧਿਰ ਨੂੰ ਸੱਤਾ ਸੌਂਪਣ ਦਾ ਦਬਾਅ ਬਣਾਉਣ ਲਈ ਇਕ ਅਹਿਮ ਆਰਥਿਕ ਕਦਮ ਚੁੱਕਦੇ ਹੋਏ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਵੇਨੇਜ਼ੁਏਲਾ ਦੀ ਸਰਕਾਰੀ ਤੇਲ ਕੰਪਨੀ ਪੀਡੀਵੀਐਸਏ 'ਤੇ ਪਾਬੰਦੀ ਲਗਾ ਦਿਤੀ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਅਤੇ ਵਿੱਤ ਮੰਤਰੀ ਸਟੀਵਨ ਮੈਨੁਚਿਨ ਨੇ ਕੰਪਨੀ ਵਿਰੁਧ ਕਦਮ ਚੁੱਕਣ ਦਾ ਐਲਾਨ ਕੀਤਾ।

ਇਸ ਦਾ ਟੀਚਾ ਮਡੁਰੋ ਦੇ ਕੱਟੜ ਵਿਰੋਧੀ ਅਤੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਆਇਡੋ ਨੂੰ ਮਜ਼ਬੂਤੀ ਦੇਣਾ ਵੀ ਹੈ। ਜਿਹਨਾਂ ਨੂੰ ਅਮਰੀਕੀ ਪ੍ਰਸ਼ਾਸਨ ਨੇ ਵੇਨੇਜ਼ੁਏਲਾ ਦੇ ਕਾਨੂੰਨੀ ਨੇਤਾ ਦੇ ਤੌਰ 'ਤੇ ਪਿਛਲੇ ਹਫਤੇ ਮਾਨਤਾ ਦਿਤੀ ਸੀ। ਇਸ ਪਾਬੰਦੀ ਦੇ ਅਧੀਨ ਅਮਰੀਕੀ ਅਧਿਕਾਰ ਖੇਤਰ ਵਿਚ ਕੰਪਨੀ ਦੀਆਂ ਜਾਇਦਾਦਾਂ ਨੂੰ ਸੀਜ਼ ਕਰ ਦਿਤਾ ਜਾਵੇਗਾ ਅਤੇ ਕੋਈ ਵੀ ਅਮਰੀਕੀ ਇਸ ਕੰਪਨੀ ਦੇ ਨਾਲ ਕਿਸੇ ਤਰ੍ਹਾਂ ਦਾ ਵਪਾਰ ਨਹੀਂ ਕਰ ਸਕੇਗਾ।

ਮੈਨੁਚਿਨ  ਨੇ ਕਿਹਾ ਕਿ ਅਮਰੀਕਾ ਵੇਨੇਜ਼ੁਏਲਾ ਦੇ ਦੁੱਖਦਾਈ ਪਤਨ ਲਈ ਜਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾ ਰਿਹਾ ਹੈ ਅਤੇ ਉਹ ਅੰਤਰਿਮ ਰਾਸ਼ਟਰਪਤੀ ਜੁਆਨ ਗੁਆਇਡੋ. ਨੈਸ਼ਨਲ ਅਸੈਂਬਲੀ ਅਤੇ ਵੇਨੇਜ਼ੁਏਲਾ ਦੇ ਲੋਕਾਂ ਦਾ ਸਮਰਥਨ ਦੇਣ ਲਈ ਰਾਜਨੀਤਕ ਅਤੇ ਆਰਥਿਕ ਯਤਨਾਂ ਦਾ ਪੂਰੀ ਵਰਤੋਂ ਕਰਨਗੇ। ਇਸੇ ਦੌਰਾਨ ਮਡੁਰੋ ਨੇ ਪੀਡੀਵੀਐਸਏ ਵਿਰੁਧ ਪਾਬੰਦੀ ਨੂੰ ਮੁੱਖ ਰੱਖਦੇ ਹੋਏ ਅਮਰੀਕਾ ਨੂੰ ਉਚਿਤ ਜਵਾਬ ਦੇਣ ਦਾ ਫ਼ੈਸਲਾ ਲਿਆ ਹੈ।

ਮਡੁਰੋ ਨੇ ਇਕ ਟੀਵੀ ਚੈਨਲ ਰਾਹੀਂ ਕਿਹਾ ਕਿ ਮੈਂ ਪੀਡੀਵੀਐਸਏ ਦੇ ਮੁਖੀ ਨੂੰ ਵਿਸ਼ੇਸ਼ ਨਿਰਦੇਸ਼ ਦਿਤੇ ਹਨ ਕਿ ਉਹ ਅਮਰੀਕਾ ਵਿਚ ਅਤੇ ਅੰਤਰਰਾਸ਼ਟਰੀ ਅਦਾਲਤਾਂ ਵਿਚ ਰਾਜਨੀਤਕ ਅਤੇ ਕਾਨੂੰਨੀ ਕਦਮ ਚੁੱਕਣ ਤਾਂ ਕਿ ਸਿਟਗੋ ਦੀ ਜਾਇਦਾਦ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਬੋਲਟਨ ਨੇ ਵਾਈਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਵੇਨੇਜ਼ੁਏਲਾ ਦੀ ਫ਼ੌਜ

ਅਤੇ ਸੁਰੱਖਿਆ ਤਾਕਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸੱਤਾ ਦੀ ਡੈਮੋਕ੍ਰੈਟਿਕ, ਸ਼ਾਂਤੀਪੂਰਨ ਅਤੇ ਸਵਿੰਧਾਨਕ ਤਬਦੀਲੀ ਨੂੰ ਕਬੂਲ ਕਰਨ। ਕੀ ਟਰੰਪ ਵੇਨੇਜ਼ੁਏਲਾ ਦੇ ਮਾਮਲੇ ਵਿਚ ਅਮਰੀਕੀ ਫ਼ੌਜ ਨੂੰ ਸ਼ਾਮਲ ਕਰਨ 'ਤੇ ਵਿਚਾਰ ਕਰਨਗੇ, ਸਵਾਲ ਦਾ ਜਵਾਬ ਦਿੰਦੇ ਹੋਏ ਬੋਲਟਨ ਨੇ ਕਿਹਾ ਕਿ ਰਾਸ਼ਟਰਪਤੀ ਨੇ ਇਹ ਸਪਸ਼ਟ ਕਰ ਦਿਤਾ ਹੈ ਕਿ ਸਾਰੇ ਵਿਕਲਪਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ।