ਗੁਆਟੇਮਾਲਾ ਸੜਕ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ 32 ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੁਆਟੇਮਾਲਾ ਵਿਚ 'ਹਿੱਟ ਐਂਡ ਰਨ' ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ।

Truck on Guatemala Highway Hits Crowd

ਗੁਆਟੇਮਾਲਾ: ਗੁਆਟੇਮਾਲਾ ਵਿਚ 'ਹਿੱਟ ਐਂਡ ਰਨ' ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਇਕ ਟਰੱਕ ਡਰਾਈਵਰ ਨੇ ਸੜਕ ਨੇੜੇ ਖੜ੍ਹੇ ਲੋਕਾਂ 'ਤੇ ਟਰੱਕ ਚੜ੍ਹਾ ਦਿਤਾ। ਜਿਸ ਕਾਰਨ 32 ਲੋਕਾਂ ਦੀ ਮੌਤ ਹੋ ਗਈ ਜਦਕਿ ਟਰੱਕ ਡਰਾਈਵਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ।

ਚਸ਼ਮਦੀਦਾਂ ਮੁਤਾਬਕ ਟਰੱਕ ਦੀਆਂ ਲਾਈਟਾਂ ਬੰਦ ਸਨ ਅਤੇ ਸੜਕ 'ਤੇ ਵੀ ਲਾਈਟਾਂ ਨਹੀਂ ਲੱਗੀਆਂ ਸਨ। ਫਾਇਰ ਬਿਗ੍ਰੇਡ ਦੇ ਬੁਲਾਰੇ ਸੇਸਿਲਓ ਚਕਾਜ ਨੇ ਦਸਿਆ ਕਿ ਇਸ ਦੌਰਾਨ 20 ਲੋਕ ਜ਼ਖ਼ਮੀ ਵੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿਚ ਤਿੰਨ ਨਾਬਾਲਗ ਵੀ ਸ਼ਾਮਲ ਹਨ।

ਇਸ ਭਿਆਨਕ ਹਾਦਸੇ ਤੋਂ ਬਾਅਦ ਸਰਕਾਰ ਨੇ ਦੇਸ਼ ਵਿਚ ਤਿੰਨ ਦਿਨਾ ਸੋਗ ਦਾ ਐਲਾਨ ਕੀਤਾ ਹੈ। ਦੇਸ਼ ਦੇ ਰਾਸ਼ਟਰਪਤੀ ਜਿੰਮੀ ਮੋਰਾਲਸ ਨੇ ਟਵੀਟ ਕੀਤਾ ''ਅਸੀਂ ਪੀੜਤਾਂ ਦੇ ਪਰਿਵਾਰ ਵਾਲਿਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੀ ਹਮਦਰਦੀ ਪੀੜਤਾਂ ਅਤੇ ਉਨ੍ਹਾਂ ਦੇ ਵਾਰਿਸਾਂ ਦੇ ਨਾਲ ਹੈ।''

ਉਧਰ ਇਸ ਘਟਨਾ ਨੂੰ ਲੈ ਕੇ ਪੁਲਿਸ ਮੁਖੀ ਪਾਬਲੋ ਕਾਸਿਟੱਲੋ ਦਾ ਕਹਿਣਾ ਹੈ ਕਿ ਇਸ ਹਾਦਸੇ ਨੂੰ ਅੰਜ਼ਾਮ ਦੇਣ ਵਾਲੇ ਟਰੱਕ ਡਰਾਈਵਰ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।