ਪਾਕਿਸਤਾਨ 'ਚ ਮੀਂਹ ਦਾ ਕਹਿਰ, 7 ਮੌਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਗਲੇ 24 ਘੰਟਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ

7 killed in separate rain-related incidents in Pakistan

ਪੇਸ਼ਾਵਰ : ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਮੀਂਹ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਵਿਚ ਚਾਰ ਬੱਚਿਆਂ ਅਤੇ ਇਕ ਔਰਤ ਸਹਿਤ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿਤੀ। ਪਾਕਿਸਤਾਨ ਦੇ ਉੱਤਰ-ਪੱਛਮ ਖੈਬਰ ਪਖ਼ਤੂਨਖ਼ਵਾ ਸੂਬੇ ਵਿਚ ਦੋ ਬੱਚਿਆਂ ਅਤੇ ਇਕ ਮਹਿਲਾ ਸਮੇਤ 5 ਲੋਕਾਂ ਦੀ ਐਤਵਾਰ ਨੂੰ ਮੌਤ ਹੋ ਗਈ। ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ ਮੁਤਾਬਕ ਸ਼ਾਂਗਰੀਲਾ ਵਿਚ 1 ਅਤੇ ਬੁਨੇਰ, ਮਾਨਸੇਹਰਾ ਅਤੇ ਐਬਟਾਬਾਦ ਵਿਚ 2 ਲੋਕਾਂ ਦੀ ਮੌਤ ਹੋ ਗਈ। ਘਟਨਾ ਵਿਚ 6 ਔਰਤਾਂ ਸਮੇਤ 18 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।

ਇਕ ਅੰਗਰੇਜ਼ੀ ਅਖ਼ਬਾਰ ਨੇ ਖ਼ਬਰ ਦਿਤੀ ਕਿ ਸੂਬੇ ਵਿਚ ਭਾਰੀ ਮੀਂਹ ਕਾਰਨ ਪੰਜ ਘਰ, ਦੋ ਝੌਂਪੜੀਆਂ ਅਤੇ ਤਿੰਨ ਸਕੂਲੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਤਿਰਿਚ ਮੀਰ ਅਤੇ ਕੋਸ਼ਤ ਸਮੇਤ ਚਿਤਰਾਲ ਦੇ ਵੱਖ-ਵੱਖ ਇਲਾਕਿਆਂ ਨੂੰ ਹੜ੍ਹ ਕਾਰਨ ਆਵਾਜਾਈ ਲਈ ਬੰਦ ਕਰ ਦਿਤਾ ਗਿਆ। ਪੰਜਾਬ ਸੂਬੇ ਵਿਚ ਘੱਟੋ-ਘੱਟ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਖ਼ਬਰ ਵਿਚ ਦਸਿਆ ਗਿਆ ਕਿ ਸਰਗੋਧਾ ਸ਼ਹਿਰ ਵਿਚ ਛੱਤ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ।

ਸ਼ੇਖੂਪੁਰਾ ਵਿਚ ਪੰਜ ਹੋਰ ਛੱਤ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਅਧਿਕਾਰੀਆਂ ਨੇ ਜ਼ਖ਼ਮੀਆਂ ਦੀ ਗਿਣਤੀ 10 ਦੱਸੀ ਹੈ। ਪਾਕਿ ਮੌਸਮ ਵਿਭਾਗ ਅਨੁਸਾਰ ਬਰਸਾਤ ਅਤੇ ਹੜ੍ਹ ਤੋਂ ਰਾਹਤ ਦੇ ਕੋਈ ਆਸਾਰ ਨਹੀਂ ਹਨ। ਇਸ ਦੇ ਨਾਲ ਹੀ ਇਸਲਾਮਾਬਾਦ, ਰਾਵਲਪਿੰਡੀ, ਗੁਜਰਾਂਵਾਲਾ, ਸਰਗੋਧਾ, ਫ਼ੈਸਲਾਬਾਦ, ਮੁਲਤਾਨ ਅਤੇ ਬਹਾਵਲਪੁਰ ਵਿਚ ਅਗਲੇ 24 ਘੰਟਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।