ਤੰਗ ਕਪੜੇ ਪਾਉਣ ਵਾਲਿਆਂ 'ਤੇ ਲੱਗੇਗਾ ਜੁਰਮਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਊਦੀ ਸਰਕਾਰ ਨੇ ਜਾਰੀ ਕੀਤਾ ਨਵਾਂ ਫ਼ਰਮਾਨ

Saudi To Impose Fines For Tight Clothes, Kissing In Public

ਰਿਆਦ : ਦੁਨੀਆ ਵਿਚ ਸ਼ਾਇਦ ਕਿਸੇ ਦੇਸ਼ 'ਚ ਤੰਗ ਕਪੜੇ ਪਹਿਨਣ 'ਤੇ ਜੁਰਮਾਨਾ ਭਰਨਾ ਪੈਂਦਾ ਹੋਵੇ, ਪਰ ਸਾਊਦੀ ਅਰਬ ਨੇ ਇਸ ਲਈ ਵੀ ਨਿਯਮ ਬਣਾ ਦਿੱਤੇ ਹਨ। ਸਾਊਦੀ ਅਰਬ ਨੇ ਕਿਹਾ ਕਿ ਜਨਤਕ ਥਾਂ 'ਤੇ ਸ਼ਿਸ਼ਟਾਚਾਰ ਦੀ ਉਲੰਘਣਾ ਕਰਨ ਵਾਲਿਆਂ 'ਤੇ ਜੁਰਮਾਨਾ ਲਗਾਇਆ ਜਾਵੇਗਾ। ਤੰਗ ਕਪੜੇ ਪਹਿਨਣ ਅਤੇ ਜਨਤਕ ਥਾਂ 'ਤੇ ਕਿਸ ਕਰਨ 'ਤੇ ਜੁਰਮਾਨਾ ਲਗਾਇਆ ਜਾਵੇਗਾ। ਇਹ ਫ਼ੈਸਲਾ ਸਾਊਦੀ ਸਰਕਾਰ ਨੇ ਸੈਰ-ਸਪਾਟੇ 'ਤੇ ਲਏ ਆਪਣੇ ਫ਼ੈਸਲੇ ਤੋਂ ਇਕ ਦਿਨ ਬਾਅਦ ਹੀ ਲਿਆ ਹੈ।

ਸਾਊਦੀ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ 19 ਅਜਿਹੇ ਅਪਰਾਧਾਂ ਦੀ ਪਛਾਣ ਕੀਤੀ ਹੈ ਪਰ ਕਿਹੜੇ ਅਪਰਾਧ ਵਿਚ ਕਿੰਨਾ ਜ਼ੁਰਮਾਨਾ ਲੱਗੇਗਾ ਇਹ ਹਾਲੇ ਤਕ ਸਪੱਸ਼ਟ ਨਹੀਂ ਹੋ ਪਾਇਆ ਹੈ। ਸਰਕਾਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ, "ਨਵੇਂ ਨਿਯਮ ਤਹਿਤ ਮਰਦ ਅਤੇ ਔਰਤਾਂ ਦੋਹਾਂ ਨੂੰ ਸਧਾਰਨ ਕਪੜੇ, ਮਤਲਬ ਜਿਸ ਵਿਚ ਸਰੀਰ ਘੱਟ ਤੋਂ ਘੱਟ ਦਿਸੇ, ਪਾਉਣੇ ਪੈਣਗੇ। ਇਸ ਦੇ ਨਾਲ ਜਨਤਕ ਥਾਵਾਂ 'ਤੇ ਸ਼ਿਸ਼ਟਾਚਾਰ ਬਣਿਆ ਰਹੇਗਾ। ਔਰਤਾਂ ਸਧਾਰਨ ਕਪੜਿਆਂ ਵਿਚ ਕੁਝ ਵੀ ਪਾਉਣ ਲਈ ਸੁਤੰਤਰ ਹਨ। ਨਿਯਮ ਇਹ ਯਕੀਨੀ ਕਰਨ ਲਈ ਹੈ ਦੇਸ਼ ਵਿਚ ਮਹਿਮਾਨਾਂ ਅਤੇ ਟੂਰਿਸਟਾਂ ਨੂੰ ਜਨਤਕ ਵਿਵਹਾਰ ਨਾਲ ਸਬੰਧਤ ਕਾਨੂੰਨ ਦੇ ਬਾਰੇ ਵਿਚ ਪਤਾ ਹੋਵੇ ਤਾਂ ਜੋ ਉਹ ਇਸ ਦੀ ਪਾਲਣਾ ਕਰਨ।"

ਨਵੇਂ ਨਿਯਮਾਂ ਦੇ ਤਹਿਤ ਮਰਦ ਅਤੇ ਔਰਤਾਂ ਨਾ ਤਾਂ ਤੰਗ ਕਪੜੇ ਪਹਿਨ ਸਕਦੇ ਹਨ ਅਤੇ ਨਾ ਹੀ ਅਜਿਹੇ ਕਪੜੇ ਪਹਿਨ ਸਕਦੇ ਹਨ ਜਿਨ੍ਹਾਂ 'ਤੇ ਇਤਰਾਜ਼ਯੋਗ ਤਸਵੀਰਾਂ ਜਾਂ ਫਿਰ ਭਾਸ਼ਾ ਲਿਖੀ ਹੋਵੇ। ਨਵੇਂ ਨਿਯਮਾਂ ਨੂੰ ਸਾਊਦੀ ਦੇ ਟੂਰਿਸਟ ਵਿਭਾਗ ਦੀ ਵੈਬਸਾਈਟ 'ਤੇ ਅੰਗਰੇਜ਼ੀ ਵਿਚ ਪੜ੍ਹਿਆ ਜਾ ਸਕਦਾ ਹੈ। ਇਸ ਵਿਚ ਲਿਖਿਆ ਹੈ ਕਿ ਔਰਤਾਂ ਨੂੰ ਜਨਤਕ ਥਾਵਾਂ 'ਤੇ ਮੋਢੇ ਅਤੇ ਗੋਡਿਆਂ ਤੱਕ ਢਕੇ ਕਪੜੇ ਪਾਉਣੇ ਲਾਜ਼ਮੀ ਹਨ। ਭਾਵੇਂ ਟੂਰਿਸਟ ਮੰਤਰੀ ਅਹਿਮਦ ਅਲ ਖਤੀਬ ਦਾ ਕਹਿਣਾ ਹੈ ਕਿ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲਾ ਨਿਯਮ ਵਿਦੇਸ਼ੀ ਔਰਤਾਂ 'ਤੇ ਲਾਗੂ ਨਹੀਂ ਹੋਵੇਗਾ। ਇਹ ਨਿਯਮ ਸਿਰਫ਼ ਸਾਊਦੀ ਔਰਤਾਂ ਤੱਕ ਹੀ ਸੀਮਤ ਹੋਵੇਗਾ। 

ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਹੀ ਸਾਊਦੀ ਨੇ ਕਿਹਾ ਸੀ ਕਿ ਉਹ 49 ਦੇਸ਼ਾਂ ਲਈ ਵੀਜ਼ਾ ਵਿਵਸਥਾ ਸ਼ੁਰੂ ਕਰੇਗਾ। ਇਨ੍ਹਾਂ ਦੇਸ਼ਾਂ ਵਿਚ ਅਮਰੀਕਾ, ਆਸਟ੍ਰੇਲੀਆ ਅਤੇ ਕਈ ਹੋਰ ਯੂਰਪੀ ਦੇਸ਼ ਸ਼ਾਮਲ ਹਨ। ਨਿਯਮਾਂ ਦੀ ਪਾਲਣਾ 'ਤੇ ਨਜ਼ਰ ਬਣਾਈ ਰੱਖਣ ਦੀ ਜ਼ਿੰਮੇਵਾਰੀ ਧਾਰਮਕ ਪੁਲਿਸ ਨੂੰ ਦਿਤੇ ਜਾਣ ਦੀ ਸੰਭਾਵਨਾ ਹੈ।