ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਸ਼ਰਨ ਦੇਵੇਗੀ ਕੈਨੇਡਾ ਸਰਕਾਰ, ਜ਼ੁਲਮਾਂ ਤੋਂ ਮਿਲ ਸਕੇਗੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਵਿਚ ਸਿੱਖ ਵੱਡੀ ਗਿਣਤੀ ਵਿਚ ਮੌਜੂਦ ਹਨ। ਇੱਥੋਂ ਤਕ ਕਿ ਕੈਨੇਡਾ ਦੀ ਸਰਕਾਰ ਵਿਚ ਵੀ ਕਈ ਵੱਡੇ ਅਹੁਦਿਆਂ 'ਤੇ ਸਿੱਖ ਹੀ ਤਾਇਨਾਤ ਹਨ....

ਕੈਨੇਡਾ ਦੇ ਪ੍ਰਧਾਨ ਮੰਤਰੀ

ਨਵੀਂ ਦਿੱਲੀ (ਭਾਸ਼ਾ) : ਕੈਨੇਡਾ ਵਿਚ ਸਿੱਖ ਵੱਡੀ ਗਿਣਤੀ ਵਿਚ ਮੌਜੂਦ ਹਨ। ਇੱਥੋਂ ਤਕ ਕਿ ਕੈਨੇਡਾ ਦੀ ਸਰਕਾਰ ਵਿਚ ਵੀ ਕਈ ਵੱਡੇ ਅਹੁਦਿਆਂ 'ਤੇ ਸਿੱਖ ਹੀ ਤਾਇਨਾਤ ਹਨ ਪਰ ਹੁਣ ਕੈਨੇਡਾ ਦੀ ਸਰਕਾਰ ਨੇ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਸ਼ਰਨ ਦੇਣ ਦੀ ਯੋਜਨਾ ਬਣਾਈ ਹੈ। ਦਰਅਸਲ ਕੈਨੇਡੀਅਨ ਸਰਕਾਰ ਮਨਮੀਤ ਭੁੱਲਰ ਫਾਊਂਡੇਸ਼ਨ ਵਲੋਂ ਸਪਾਂਸਰ ਕੀਤੇ ਅਫ਼ਗਾਨਿਸਤਾਨ ਦੇ ਸਿੱਖਾਂ ਲਈ ਅਜਿਹਾ ਫ਼ੈਸਲਾ ਲੈਣ ਦੀ ਤਿਆਰੀ ਵਿਚ ਹੈ। ਸਬੰਧਤ ਕੈਨੇਡੀਅਨ ਮੰਤਰੀ ਅਹਿਮਦ ਹੁਸੈਨ ਦੇ ਅਨੁਸਾਰ ਸਪਾਂਸਰ ਕੀਤੇ ਲੋਕਾਂ ਦਾ ਅਗਲੇ ਸਾਲ ਕੈਨੇਡਾ ਵਿਚ ਸਵਾਗਤ ਕੀਤਾ ਜਾਵੇਗਾ।

ਹੁਸੈਨ ਦੇ ਇਸ ਬਿਆਨ ਦੀ ਜਾਣਕਾਰੀ ਕੈਨੇਡੀਅਨ ਸਾਂਸਦ ਸੁੱਖ ਧਾਲੀਵਾਲ ਵਲੋਂ ਦਿਤੀ ਗਈ। ਭੁੱਲਰ ਉਨ੍ਹਾਂ ਅਫ਼ਗਾਨ ਸਿੱਖਾਂ ਦੀ ਮਦਦ ਲਈ ਉਤਸੁਕ ਸਨ, ਜੋ ਉਥੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਅਫਗਾਨਿਸਤਾਨ ਦੇ ਇਸ ਘੱਟ ਗਿਣਤੀ ਭਾਈਚਾਰੇ ਦੀ ਸਥਿਤੀ ਬਾਰੇ ਇਥ ਵੀਡੀਓ ਵੀ ਪੋਸਟ ਕੀਤਾ ਸੀ ਅਤੇ ਕੈਨੇਡਾ ਵਿਚਲੇ ਸਿੱਖਾਂ ਅਤੇ ਪੰਜਾਬੀਆਂ ਨੂੰ ਇਨ੍ਹਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਸੀ। ਅਫ਼ਗਾਨਿਸਤਾਨ ਵਿਚ ਹੋਏ ਇਕ ਬੰਬ ਧਮਾਕੇ ਵਿਚ ਤਿੰਨ ਸਾਲ ਪਹਿਲਾਂ ਮਨਮੀਤ ਭੁੱਲਰ ਦੀ ਮੌਤ ਹੋ ਗਈ ਸੀ...ਜਿਸ ਵਿਚ ਜ਼ਿਆਦਾਤਰ ਸਿੱਖ ਮਾਰੇ ਗਏ ਸਨ।

ਉਸ ਤੋਂ ਬਾਅਦ ਉਨ੍ਹਾਂ ਦੇ ਨਾਂਅ 'ਤੇ ਬਣੀ ਮਨਮੀਤ ਭੁੱਲਰ ਫਾਊਂਡੇਸ਼ਨ ਅਫ਼ਗਾਨ ਸਿੱਖਾਂ ਦੀ ਮਦਦ ਲਈ ਕੰਮ ਕਰ ਰਹੀ ਹੈ। ਹੁਣ ਕੈਨੇਡਾ ਸਰਕਾਰ ਵਲੋਂ ਮਨਮੀਤ ਭੁੱਲਰ ਦੀ ਤੀਜੀ ਬਰਸੀ ਮੌਕੇ ਅਫ਼ਗਾਨ ਸਿੱਖਾਂ ਨੂੰ ਸ਼ਰਨ ਦੇਣ ਦੇ ਕੀਤੇ ਐਲਾਨ ਦਾ ਸਵਾਗਤ ਕੀਤਾ ਜਾ ਰਿਹਾ ਹੈ। ਅਫਗਾਨਿਸਤਾਨ ਵਿਚ 2 ਹਜ਼ਾਰ ਦੇ ਕਰੀਬ ਸਿੱਖ ਹਨ ਜੋ ਘੱਟ ਗਿਣਤੀ ਹੋਣ ਕਾਰਨ ਅਕਸਰ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹਨ, ਸੁਖ ਧਾਲੀਵਾਲ ਨੇ ਕਿਹਾ ਕਿ ਜਦੋਂ ਕਿਸੇ ਵੀ ਧਰਮ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਵਿਸਵਾਸ਼ਾਂ ਕਰਕੇ ਨਿਸ਼ਾਨਾ ਬਣਾਇਆ ਜਾਂਦੈ ਤਾਂ ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ।

ਕਿ ਅਸੀਂ ਉਨ੍ਹਾਂ ਦੀ ਰੱਖਿਆ ਕਰਨ ਲਈ ਹਰ ਸੰਭਵ ਯਤਨ ਕਰੀਏ। ਫਿਲਹਾਲ ਕੈਨੇਡਾ ਸਰਕਾਰ ਨੇ ਅਫਗਾਨ ਸਿੱਖਾਂ ਨੂੰ ਸ਼ਰਨ ਦੇਣ ਦੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿਤਾ ਹੈ। ਜਲਦ ਹੀ ਅਫ਼ਗਾਨਿਸਤਾਨ 'ਚ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਸਿੱਖਾਂ ਨੂੰ ਰਾਹਤ ਮਿਲ ਸਕੇਗੀ।