ਬ੍ਰਾਜ਼ੀਲ ਦੀ ਜੇਲ੍ਹ 'ਚ ਭਿੜੇ ਕੈਦੀ, 57 ਦੀ ਮੌਤ, 16 ਦੇ ਵੱਢੇ ਸਿਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਉੱਤਰੀ ਬ੍ਰਾਜ਼ੀਲ ਦੇ ਸੂਬੇ ਪਾਰਾ ਦੀ ਇਕ ਜੇਲ੍ਹ ਵਿਚ ਕੈਦੀਆਂ ਵਿਚਕਾਰ ਭਿਆਨਕ ਗੈਂਗਵਾਰ ਹੋ ਗਈ ਹੈ, ਜਿਸ ਦੌਰਾਨ 57 ਕੈਦੀਆਂ ਮਾਰੇ ਗਏ।

Brazil Prison

ਪਾਰਾ: ਉੱਤਰੀ ਬ੍ਰਾਜ਼ੀਲ ਦੇ ਸੂਬੇ ਪਾਰਾ ਦੀ ਇਕ ਜੇਲ੍ਹ ਵਿਚ ਕੈਦੀਆਂ ਵਿਚਕਾਰ ਭਿਆਨਕ ਗੈਂਗਵਾਰ ਹੋ ਗਈ ਹੈ, ਜਿਸ ਦੌਰਾਨ 57 ਕੈਦੀਆਂ ਮਾਰੇ ਗਏ। ਝੜਪ ਦੀ ਭਿਆਨਕਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਕਿ 16 ਕੈਦੀਆਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ ਗਏ। ਅਲਟਾਮਿਰਾ ਨਾਂਅ ਦੀ ਜੇਲ੍ਹ ਵਿਚ ਹੋਇਆ ਇਹ ਹਮਲਾ ਦੋ ਵਿਰੋਧੀ ਗੁੱਟਾਂ ਦੀ ਪੁਰਾਣੀ ਰੰਜਿਸ਼ ਦਾ ਨਤੀਜਾ ਸੀ।

ਬ੍ਰਾਜ਼ੀਲ ਦੇ ਐਮੇਜ਼ਨ ਇਲਾਕੇ ਵਿਚ ਡਰੱਗਸ ਦੀ ਤਸਕਰੀ ਨੂੰ ਲੈ ਕੇ ਵਿਰੋਧੀ ਗੁੱਟਾਂ ਵਿਚ ਅਕਸਰ ਟੱਕਰ ਹੁੰਦੀ ਰਹਿੰਦੀ ਹੈ। ਕੈਦੀਆਂ ਵਿਚਕਾਰ ਹੋਈ ਲੜਾਈ ਦੌਰਾਨ ਜੇਲ੍ਹ ਵਿਚ ਅੱਗ ਵੀ ਲਗਾ ਦਿੱਤੀ ਗਈ, ਜਿਸ ਤੋਂ ਬਾਅਦ ਕਈ ਕੈਦੀਆਂ ਦੀ ਮੌਤ ਦਮ ਘੁਟਣ ਨਾਲ ਵੀ ਹੋ ਗਈ। ਜਾਣਕਾਰੀ ਮੁਤਾਬਕ ਅਲਟਾਮਿਰਾ ਦੀ ਇਸ ਜੇਲ੍ਹ ਵਿਚ ਸਮਰੱਥਾ ਤੋਂ ਜ਼ਿਆਦਾ ਕੈਦੀ ਬੰਦ ਸਨ ਅਤੇ ਇਹ ਲੜਾਈ ਸਥਾਨਕ ਕਮਾਂਡੋ ਕਲਾਸ ਏ ਗੈਂਗ ਅਤੇ ਕਮਾਂਡੋ ਵਰਮੇਲਹੋ ਗੈਂਗ ਦੇ ਵਿਚਕਾਰ ਹੋਈ।

ਜਦੋਂ ਤਕ ਸੁਰੱਖਿਆ ਕਰਮੀਆਂ ਨੇ ਸਥਿਤੀ ਸੰਭਾਲੀ, ਉਦੋਂ ਤਕ 57 ਕੈਦੀਆਂ ਦੀ ਮੌਤ ਹੋ ਚੁੱਕੀ ਸੀ। ਬਾਅਦ ਵਿਚ ਕਈ ਜ਼ਖਮੀ ਕੈਦੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਬ੍ਰਾਜ਼ੀਲ ਦੀਆਂ ਜੇਲ੍ਹਾਂ ਵਿਚ ਹਿੰਸਾ ਕੋਈ ਨਵੀਂ ਗੱਲ ਨਹੀਂ। ਇਸ ਤੋਂ ਪਹਿਲਾਂ 2017 ਵਿਚ ਬ੍ਰਾਜ਼ੀਲ ਦੇ ਮਨਾਊਸ ਵਿਚ ਡਰੱਗ ਤਸਕਰੀ ਨੂੰ ਲੈ ਕੇ 56 ਕੈਦੀਆਂ ਦੀ ਹੱਤਿਆ ਹੋਈ ਸੀ।

ਇਸੇ ਮਾਮਲੇ ਤੋਂ ਠੀਕ ਅਗਲੇ ਦਿਨ ਮਨਾਊਸ ਦੀ ਦੂਜੀ ਜੇਲ੍ਹ ਵਿਚ 4 ਹੋਰ ਕੈਦੀ ਮਾਰੇ ਗਏ। ਉਸ ਤੋਂ ਬਾਅਦ ਇਹ ਸਿਲਸਿਲਾ ਜਾਰੀ ਰਿਹਾ ਫਿਰ 5 ਦਿਨ ਬਾਅਦ ਬੋਆ ਵਿਸਟਾ ਦੀ ਜੇਲ੍ਹ ਵਿਚ 33 ਕੈਦੀ ਮਾਰੇ ਗਏ। ਹਾਲੇ ਵੀ ਇਹ ਮੰਦਭਾਗਾ ਸਿਲਸਿਲਾ ਓਵੇਂ ਜਿਵੇਂ ਜਾਰੀ ਹੈ ਜਿਸ ਦੇ ਨਤੀਜੇ ਵਜੋਂ ਹੁਣ ਤਕ ਸੈਂਕੜੇ ਕੈਦੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਭਾਵੇਂ ਕਿ ਦੇਸ਼ ਦੇ ਰਾਸ਼ਟਰਪਤੀ ਨੇ ਜੇਲ੍ਹਾਂ ਵਿਚ ਸਖ਼ਤੀ ਕੀਤੇ ਜਾਣ ਦੀ ਗੱਲ ਆਖੀ ਹੈ ਪਰ ਦੇਖਣਾ ਹੋਵੇਗਾ ਕਿ ਇਹ ਸਖ਼ਤੀ ਆਖ਼ਰ ਕਦੋਂ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।