ਕੈਦੀਆਂ ਵੱਲੋਂ ਬਣਾਇਆ ਖਾਣਾ ਖਾਣਗੇ ਸਕੂਲੀ ਬੱਚੇ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਰਾਜ ਫੂਡ ਕਮਿਸ਼ਨ ਵਲੋਂ ਨਵੀਂ ਕਿਸਮ ਤਜਵੀਜ਼ 'ਤੇ ਵਿਚਾਰ

Mid Day Meal

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਕੈਦੀਆਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਸ਼ੁਰੂ ਕੀਤੇ ਯਤਨਾਂ ਤਹਿਤ ਹੁਣ ਵੱਧ ਤੋਂ ਵੱਧ ਕੈਦੀਆਂ ਨੂੰ ਹੱਥੀਂ ਕਿਰਤ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਜੇਲਾਂ 'ਚ ਬੰਦ ਕੈਦੀ ਹੁਣ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਲਈ ਮਿਡ-ਡੇ-ਮੀਲ ਬਣਾਉਣਗੇ। ਸਕੂਲੀ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਅਧੀਨ ਵਧੀਆ, ਪੋਸ਼ਟਿਕ ਅਤੇ ਸ਼ੁਧ ਖਾਣਾ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਪੰਜਾਬ ਰਾਜ ਫੂਡ ਕਮਿਸ਼ਨ ਵਲੋਂ ਨਵੀਂ ਕਿਸਮ ਤਜਵੀਜ਼ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਮੀਟਿੰਗ ਕੇਂਦਰੀ ਮਨੁੱਖੀ ਸਰੋਤ ਵਸੀਲੇ ਵਿਕਾਸ ਵਿਭਾਗ ਵਲੋਂ ਜੇਲਾਂ ਵਿਚ ਤਿਆਰ ਖਾਣੇ ਨੂੰ ਮਿਡ-ਡੇ-ਮੀਲ ਵਜੋਂ ਵਰਤਣ ਸਬੰਧੀ ਗਏ ਫ਼ੈਸਲੇ ਦੀ ਰੌਸ਼ਨੀ 'ਚ ਹੋਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਫੂਡ ਕਮਿਸ਼ਨ ਦੇ ਚੈਅਰਮੈਨ ਡੀ.ਪੀ. ਰੈਡੀ ਨੇ ਅੱਜ ਦੱਸਿਆ ਕਿ ਕਮਿਸ਼ਨ ਵਲੋਂ ਪੰਜਾਬ ਸੂਬੇ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਤੋਂ ਤਾਜ਼ਾ, ਗਰਮ ਅਤੇ ਪੋਸ਼ਟਿਕ ਖਾਣਾ ਤਿਆਰ ਕਰਵਾ ਕੇ ਪੰਜਾਬ ਰਾਜ ਦੇ ਸਰਕਾਰੀ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਉਪਲੱਬਧ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਕੈਦੀਆਂ ਲਈ ਨਵੇਂ ਰੁਜ਼ਗਾਰ ਦੇ ਮੌਕੇ ਹੋਣਗੇ। ਉਥੇ ਨਾਲ ਹੀ ਵਿਦਿਆਰਥੀਆਂ ਨੂੰ ਮਿਡ ਡੇਅ ਮੀਲ ਅਧੀਨ ਦਿਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਦੀ ਇਕ ਹੀ ਥਾਂ ਤੋਂ ਨਿਗਰਾਨੀ ਵੀ ਕੀਤੀ ਜਾ ਸਕੇਗੀ।

ਪੰਜਾਬ ਰਾਜ ਫੂਡ ਕਮਿਸ਼ਨ ਦੇ ਚੈਅਰਮੈਨ ਡੀ.ਪੀ. ਰੈਡੀ ਨੇ ਮੀਟਿੰਗ ਵਿਚ ਹਾਜਰ ਪ੍ਰਮੁੱਖ ਸਕੱਤਰ ਜੇਲ, ਕਿਰਪਾ ਸੰਕਰ ਸਰੋਜ ਨੂੰ ਹਦਾਇਤ ਕੀਤੀ ਕਿ ਉਹ ਇਸ ਯੋਜਨਾ ਦੇ ਲਾਭ ਅਤੇ ਹਾਨੀਆ ਨੂੰ ਚੰਗੀ ਤਰ੍ਹਾਂ ਵਿਚਾਰਨ ਤੋਂ ਬਾਅਦ ਕਮਿਸ਼ਨ ਨੂੰ ਸੂਚਿਤ ਕਰਨ। ਪੰਜਾਬ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਮਿਡਲ ਸਕੂਲ ਤਕ ਦੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦਿੱਤਾ ਜਾਂਦਾ ਹੈ। ਇਹ ਯੋਜਨਾ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਮਿਲ ਕੇ 60:40 ਵਿਚ ਚਲਾਈ ਜਾ ਰਹੀ ਹੈ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ।