ਬਿਨਾਂ ਹੱਥ ਲਾਏ ਆਪੇ ਤੁਹਾਡੇ ਨਾਲ ਚੱਲਣ ਵਾਲੀ 'ਜਾਦੂ ਦੀ ਛਤਰੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਨੰਦ ਮਹਿੰਦਰਾ ਵਲੋਂ ਪੋਸਟ ਕੀਤਾ ਗਿਆ ਡ੍ਰੋਨ ਅੰਬਰੇਲਾ ਦਾ ਵੀਡੀਓ

Self Flying Umbrella

ਫਰਾਂਸ- ਬਾਰਿਸ਼ ਦੇ ਮੌਸਮ ਜਾਂ ਤੇਜ਼ ਧੁੱਪ ਤੋਂ ਬਚਣ ਲਈ ਤੁਹਾਨੂੰ ਹੱਥ ਵਿਚ ਛਤਰੀ ਰੱਖਣੀ ਪੈਂਦੀ ਹੈ ਕਈ ਵਾਰ ਤਾਂ ਸਾਨੂੰ ਹੱਥ ਵਿਚ ਛਤਰੀ ਫੜਨੀ ਵੀ ਔਖੀ ਲਗਦੀ  ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਅਜਿਹੀ ਛਤਰੀ ਹੋਵੇ ਜੋ ਬਿਨਾਂ ਹੱਥ ਵਿਚ ਫੜੇ ਤੁਹਾਡੇ ਨਾਲ-ਨਾਲ ਚਲਦੀ ਰਹੇ ਅਤੇ ਤੁਸੀਂ ਅਪਣੇ ਦੋਵੇਂ ਹੱਥਾਂ ਨਾਲ ਜੋ ਮਰਜ਼ੀ ਕਰੋ। ਫ਼ੋਨ 'ਤੇ ਗੱਲ ਕਰੋ ਜਾਂ ਫਿਰ ਸਾਈਕਲ ਚਲਾਓ। ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਇੱਕ ਅਜਿਹੀ ਛਤਰੀ ਬਾਰੇ ਟਵੀਟ ਕੀਤਾ ਹੈ।

 ਜਿਸ ਨੂੰ ਫੜਨ ਦੀ ਜ਼ਰੂਰਤ ਨਹੀਂ। ਆਪਣੇ ਟਵੀਟ ਵਿਚ ਆਨੰਦ ਮਹਿੰਦਰਾ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ। ਜਿਸ ਵਿਚ ਪ੍ਰਸਿੱਧ ਜਾਦੂਗਰ ਮਾਊਲਾ ਫ਼ਰਾਂਸ ਦੀਆਂ ਗਲੀਆਂ ਵਿੱਚ ਘੁੰਮ ਰਹੇ ਪਰ ਇੱਕ ਛਤਰੀ ਉਨ੍ਹਾਂ 'ਤੇ ਉਨ੍ਹਾਂ ਨੂੰ ਮੀਂਹ ਤੋਂ ਬਚਾਉਂਦਿਆਂ ਅਪਣੇ ਆਪ ਨਾਲ-ਨਾਲ ਚੱਲ ਰਹੀਹੈ ਜਦਕਿ ਮਾਊਲਾ ਦੇ ਦੋਵੇਂ ਹੱਥ ਖ਼ਾਲੀ ਹਨ। ਇਸ ਦੌਰਾਨ ਉਹ ਫ਼ਰਾਂਸ ਦੇ ਇਤਿਹਾਸਕ ਸਥਾਨਾਂ ਦੀਆਂ ਤਸਵੀਰਾਂ ਖਿੱਚਦੇ ਨਜ਼ਰ ਆ ਰਹੇ ਹਨ, ਖਾਣਾ ਖਾ ਰਹੇ ਹਨ।

ਸਾਇਕਲ ਚਲਾ ਰਹੇ ਹਨ, ਪਰ ਇਸ ਸਭ ਦੌਰਾਨ ਛਤਰੀ ਬਿਨਾਂ ਹੱਥ ਲਗਾਏ ਅਪਣਾ ਕੰਮ ਕਰਦੀ ਜਾ ਰਹੀ ਹੈ। ਦਰਅਸਲ, ਇਸ ਛਤਰੀ ਵਿਚ ਕੋਈ ਜਾਦੂ ਨਹੀਂ ਬਲਕਿ ਇਹ ਡ੍ਰੋਨ ਅੰਬਰੇਲਾ ਹੈ ਭਾਵ ਕਿ ਇਸ ਛਤਰੀ ਦੇ ਹੇਠਾਂ ਇਕ ਡ੍ਰੋਨ ਫ਼ਿੱਟ ਕੀਤਾ ਹੋਇਆ ਹੈ ਜਾਪਾਨ ਦੀ ਅਸਾਹੀ ਪਾਵਰ ਸਰਵਿਸੇਜ਼ ਨਾਂਅ ਦੀ ਕੰਪਨੀ ਵਲੋਂ ਤਿਆਰ ਕੀਤੀ ਇਸ ਛਤਰੀ ਨੂੰ ਇੱਕ ਐਪ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।

ਲਗਭਗ ਡੇਢ ਮੀਟਰ ਚੌੜੀ ਇਸ ਛਤਰੀ ਦੇ ਪ੍ਰੋਟੋਟਾਈਪ ਦਾ ਵਜ਼ਨ 5 ਕਿਲੋਗ੍ਰਾਮ ਹੈ। ਇਸ ਵਿਚ ਲੱਗਾ ਕੈਮਰਾ ਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਯੂਜ਼ਰਜ਼ ਨੂੰ ਟ੍ਰੈਕ ਤੇ ਫ਼ਾਲੋ ਕਰਨ ਵਿਚ ਮਦਦ ਕਰਦਾ ਹੈ। ਇਸ ਨੂੰ ਕਈ ਮੋਡਜ਼ ਵਿਚ ਚਲਾਇਆ ਜਾ ਸਕਦਾ ਹੈ। ਜਿਨ੍ਹਾਂ ਵਿਚ ਮੇਨੂਅਲ, ਫ਼ਾਲੋ ਮੀ, ਆਟੋਮੈਟਿਕ, ਸਟੇਸ਼ਨਰੀ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਕਈ ਕੰਮ ਵੀ ਇਸ ਛਤਰੀ ਰਾਹੀਂ ਕੀਤੇ ਜਾ ਸਕਦੇ ਹਨ। ਹੈ ਨਾ ਕਮਾਲ ਦੀ ਛਤਰੀ???