ਅਮਰੀਕੀ ਸਰਹੱਦ 'ਤੇ 911 ਬੱਚੇ ਅਪਣੇ ਪਰਵਾਰਾਂ ਨਾਲੋਂ ਹੋਏ ਵੱਖ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਨਸ ਸਿਵਲ ਲਿਬਰਟੀਜ਼ ਯੂਨੀਅਨ ਨੇ ਕੀਤਾ ਪ੍ਰਗਟਾਵਾ

US separates 911 child migrants despite ban on practise

ਸੈਨ ਡਿਏਗੋ : ਅਰਮਰੀਕੀ ਸਮੂਹ ਨੇ ਦਸਿਆ ਕਿ ਸਰਹੱਦ 'ਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਤੋਂ ਵੱਖ ਕਰਨ 'ਤੇ ਰੋਕ ਲਗਾਉਣ ਲਈ ਅਦਾਲਤ ਨੇ 2018 'ਚ ਹੀ ਫ਼ੈਸਲਾ ਸੁਣਾ ਦਿਤਾ ਸੀ ਪਰ ਇਸ ਦੇ ਬਾਵਜੂਦ 900 ਤੋਂ ਵਧੇਰੇ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਸਰਹੱਦ 'ਤੇ ਅਪਣੇ ਪਰਵਾਰ ਤੋਂ ਵੱਖ ਕੀਤਾ ਗਿਆ ਹੈ। 

ਅਮਰੀਕਨਸ ਸਿਵਲ ਲਿਬਰਟੀਜ਼ ਯੂਨੀਅਨ ਨੇ ਦਸਿਆ ਕਿ 28 ਜੂਨ, 2018 ਤੋਂ 29 ਜੂਨ, 2019 ਤਕ 911 ਬੱਚੇ ਅਪਣੇ ਪਰਵਾਰਾਂ ਨਾਲੋਂ ਵੱਖ ਹੋਏ। ਇਨ੍ਹਾਂ 'ਚ 678 ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਮਾਂ-ਬਾਪ 'ਤੇ ਅਪਰਾਧਕ ਵਿਵਹਾਰ ਦੇ ਦੋਸ਼ ਹਨ। ਹੋਰ ਕਾਰਣਾਂ 'ਚ ਕਿਸੇ ਗਿਰੋਹ ਨਾਲ ਕਥਿਤ ਸਬੰਧ, ਬੀਮਾਰ ਹੋਣ ਜਾਂ ਬੱਚੇ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਜਾਂ ਮਾਂ-ਬਾਪ ਦੀ ਗੰਭੀਰ ਬੀਮਾਰੀ ਆਦਿ ਸ਼ਾਮਲ ਹਨ।

ਉਨ੍ਹਾਂ ਦਸਿਆ ਕਿ ਅਪਣੇ ਪਰਵਾਰ ਤੋਂ ਵੱਖ ਹੋਣ ਵਾਲੇ ਹਰ 5 'ਚੋਂ 1 ਬੱਚੇ ਦੀ ਉਮਰ 5 ਸਾਲ ਤੋਂ ਵੀ ਘੱਟ ਹੈ। ਇਨ੍ਹਾਂ 'ਚ ਕਾਫੀ ਛੋਟੇ ਬੱਚੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਡਿਸਟ੍ਰਿਕਟ ਜੱਜ ਡਾਨਾ ਸਾਬਰਾ ਨੇ ਜੂਨ 2018 'ਚ ਹੁਕਮ ਦਿਤਾ ਸੀ ਕਿ ਸਰਹੱਦ 'ਤੇ ਬੱਚਿਆਂ ਨੂੰ ਪਰਵਾਰਾਂ ਤੋਂ ਵੱਖ ਕਰਨ ਤੋਂ ਰੋਕਿਆ ਜਾਵੇ। ਅਜਿਹਾ ਸਿਰਫ਼ ਬੱਚਿਆਂ ਦੀ ਸੁਰੱਖਿਆ ਵਰਗੀ  ਸਥਿਤੀ 'ਚ ਹੀ ਕੀਤਾ ਜਾ ਸਕਦਾ ਹੈ।