ਕਸ਼ਮੀਰ ਕੋਈ ਮੁੱਦਾ ਨਹੀਂ, ਅਤਿਵਾਦ ਅਤੇ ਹਿੰਸਾ ਬਾਰੇ ਹੋਵੇ ਗੱਲਬਾਤ : ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਕਸ਼ਮੀਰ ਕੋਈ ਮੁੱਦਾ ਨਹੀਂ ਹੈ, ਇਸ ਲਈ ਅਤਿਵਾਦ ਅਤੇ ਹਿੰਸਾ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ..............

Syed Akbaruddin

ਸੰਯੁਕਤ ਰਾਸ਼ਟਰ :  ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਕਸ਼ਮੀਰ ਕੋਈ ਮੁੱਦਾ ਨਹੀਂ ਹੈ, ਇਸ ਲਈ ਅਤਿਵਾਦ ਅਤੇ ਹਿੰਸਾ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ। ਪਾਕਿਸਤਾਨ ਦੁਆਰਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਕਸ਼ਮੀਰ ਦਾ ਮੁੱਦਾ ਚੁੱਕੇ ਜਾਣ ਮਗਰੋਂ ਭਾਰਤ ਨੇ ਕਿਹਾ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ 'ਵਿਵਾਦ' ਵਿਚ ਲਿਪਟੇ ਜਾਣ ਦੀ ਥਾਂ ਦਖਣੀ ਏਸ਼ੀਆ ਨੂੰ ਅਤਿਵਾਦ ਅਤੇ ਹਿੰਸਾ ਤੋਂ ਮੁਕਤ ਕਰਨ ਦੀ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ। ਭਾਰਤ ਨੇ ਕਸ਼ਮੀਰ ਦਾ ਰਾਗ ਅਲਾਪਣ ਵਾਲੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਵਿਚ ਖਰੀਆਂ-ਖਰੀਆਂ ਸੁਣਾਈਆਂ।

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਪੱਕੇ ਪ੍ਰਤਿਨਿਧ ਸਈਅਦ ਅਕਬਰੂਦੀਨ ਨੇ ਕਿਹਾ, 'ਮੈਂ ਪਾਕਿਸਤਾਨ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਮਸਲੇ ਦੇ ਪੱਕੇ ਹੱਲ ਲਈ ਸੋਚ ਵਿਚ ਸ਼ਾਂਤੀਪੂਰਨ ਇਰਾਦਾ ਅਤੇ ਕਾਰਵਾਈ ਵਿਚ ਸ਼ਾਂਤੀਪੂਰਨ ਸਮੱਗਰੀ ਹੋਣੀ ਜ਼ਰੂਰੀ ਹੈ।' ਪਾਕਿਸਤਾਨ ਵਿਚ ਬਣੀ ਨਵੀਂ ਸਰਕਾਰ ਦੇ ਸੰਦਰਭ ਵਿਚ ਭਾਰਤ ਦਾ ਇਹ ਬਿਆਨ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕਸ਼ਮੀਰ ਦਾ ਨਾਮ ਲਏ ਬਿਨਾਂ ਅਕਬਰੂਦੀਨ ਨੇ ਕਿਹਾ ਕਿ ਅਸਫ਼ਲ ਪਹੁੰਚ ਨੂੰ ਵਾਰ-ਵਾਰ ਅਪਣਾਉਣਾ (ਜੋ ਕਾਫ਼ੀ ਸਮਾਂ ਪਹਿਲਾਂ ਹੀ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਰੱਦ ਕੀਤੀ ਗਈ ਹੋਵੇ) ਸ਼ਾਂਤੀਪੂਰਨ ਇਰਾਦੇ ਨੂੰ ਪ੍ਰਗਟ ਨਹੀਂ ਕਰਦਾ।

ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਦੀ ਨਵੀਂ ਸਰਕਾਰ ਤੋਂ ਉਮੀਦ ਕਰਦਾ ਹੈ ਕਿ ਉਹ ਵਾਦ-ਵਿਵਾਦ ਵਿਚ ਫਸੇ ਬਿਨਾਂ ਸੁਰੱਖਿਅਤ, ਸਥਿਰ ਅਤੇ ਵਿਕਸਿਤ ਦੱਖਣ ਏਸ਼ੀਆਈ ਖੇਤਰ ਦਾ ਨਿਰਮਾਣ ਕਰਨ ਲਈ ਕੰਮ ਕਰੇ। ਭਾਰਤੀ ਪ੍ਰਤਿਨਿਧ ਨੇ ਗੁਆਂਢੀ ਮੁਲਕ ਤੋਂ ਖੇਤਰ ਨੂੰ ਅਤਿਵਾਦ ਅਤੇ ਹਿੰਸਾ ਤੋਂ ਮੁਕਤ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਲਈ ਕਿਹਾ।

ਭਾਰਤ ਨੇ ਸਪੱਸ਼ਟ ਕਿਹਾ ਹੈ ਕਿ ਦਹਿਸ਼ਤ ਅਤੇ ਗੱਲਬਾਤ ਨਾਲੋ- ਨਾਲ ਨਹੀਂ ਚੱਲ ਸਕਦੇ। ਉਧਰ, ਪਾਕਿਸਤਾਨ ਦੇ ਸੀਨੀਅਰ ਮੰਤਰੀ  ਨੇ ਕਿਹਾ ਕਿ ਇਮਰਾਨ ਖ਼ਾਨ ਦੀ ਸਰਕਾਰ ਕਸ਼ਮੀਰ ਮੁੱਦੇ ਦੇ ਹੱਲ ਲਈ ਪ੍ਰਸਤਾਵ ਤਿਆਰ ਕਰ ਰਹੀ ਹੈ। ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੇ ਇਸ ਪ੍ਰਸਤਾਵ ਦਾ ਵੇਰਵਾ ਨਹੀਂ ਦਿਤਾ। (ਏਜੰਸੀ)